ਫਰੀਦਕੋਟ 20 ਅਕਤੂਬਰ 2024 ( ) ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਹਰੇਕ ਵਰਗ ਚਾਹੇ ਉਦਯੋਗਪਤੀ ਹੋਵੇ ਜਾਂ ਆਮ ਨਾਗਰਿਕ ਹਰੇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਕਿਸਾਨਾਂ ਦਾ ਅਜਿਹਾ ਵਰਗ ਵੀ ਹੈ ਜੋ ਵਾਤਾਵਰਣ,ਮਿੱਟੀ ਅਤੇ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ । ਅਜਿਹੇ ਹੀ ਕਿਸਾਨਾਂ ਵਿਚੋ ਜ਼ਿਲਾ ਫਰੀਦਕੋਟ ਦੇ ਪਿੰਡ ਡੋਡ ਦਾ ਕਿਸਾਨ ਬਲਵਿੰਦਰ ਸਿੰਘ ਹੈ, ਜੋ ਪਿਛਲੇ 5 ਸਾਲ ਤੋਂ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਆਪਣੀ ਖੇਤੀ ਤਾਂ ਕਰ ਹੀ ਰਿਹਾ ,ਇਸ ਦੇ ਨਾਲ ਹੀ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲੱਗੀ ਕੰਬਾਈਨ ਨਾਲ ਆਪਣੀ ਅਤੇ 250-300 ਹੋਰਨਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਕਟਾਈ ਕਰਕੇ ,ਪਰਾਲੀ ਨੂੰ ਖੇਤ ਵਿਚ ਹੀ ਸੰਭਾਲ ਕੇ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ । ਇਸ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਕੇ ਦੂਸਰੇ ਕਿਸਾਨਾਂ ਲਈ ਰਾਹ ਦਸੇਰੇ ਵਜੋਂ ਕੰਮ ਕਰ ਰਿਹਾ ਹੈ। ਬਲਵਿੰਦਰ ਸਿੰਘ ਨੇ ਸਾਲ 2018-19 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਤੇ ਸੁਪਰ ਐੱਸ ਐੱਮ ਐਸ ਕੰਬਾਈਨ ਉੱਪਰ ਲਵਾਇਆ ਸੀ। ਬਲਵਿੰਦਰ ਸਿੰਘ ਕਿਸਾਨ ਮੇਲਿਆਂ ਅਤੇ ਜਾਗਰੂਕਤਾ ਕੈਂਪਾਂ ਵਿਚ ਸ਼ਾਮਿਲ ਹੁੰਦਾ ਰਹਿੰਦਾ ਹੈ ਅਤੇ ਖੇਤੀ ਸਾਹਿਤ ਪੜਨ ਵਿੱਚ ਵੀ ਰੁਚੀ ਰੱਖਦਾ ਹੈ। ਆਰ ਜੀ ਆਰ ਸੈੱਲ ਨਾਲ ਬਤੌਰ ਸਰਵਿਸ ਪ੍ਰੋਵਾਈਡਰ ਵੱਜੋਂ ਵੀ ਕੰਮ ਕਰਦਾ ਹੈ ਅਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤੋਂ ਮਸ਼ੀਨਰੀ ਦੀ ਵਰਤੋਂ ਬਾਰੇ ਸਿਖਲਾਈ ਵੀ ਲਈ ਹੈ। ਬਲਵਿੰਦਰ ਸਿੰਘ ਦੇ ਚਾਚੇ ਬੂਟਾ ਸਿੰਘ ਕੋਲ ਵੀ ਐੱਸ ਐੱਮ ਐੱਸ ਲੱਗੀ ਕੰਬਾਈਨ ਹੈ ,ਇਸ ਤਰਾਂ ਦੋਵੇਂ ਚਾਚਾ ਭਤੀਜਾ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਬਲਵਿੰਦਰ ਸਿੰਘ ਅਤੇ ਉਨਾਂ ਦੇ ਚਾਚੇ ਬੂਟਾ ਸਿੰਘ ਕੋਲ 2 ਸੁਪਰ ਸੀਡਰ ਅਤੇ ਦੋ ਟਰੈਕਟਰ 60 ਹਾਰਸ ਪਾਵਰ ਦੇ ਹਨ ,ਜਿੰਨਾ ਨਾਲ ਆਪਣੀ ਅਤੇ ਇਲਾਕੇ ਦੇ ਹੋਰਨਾਂ ਕਿਸਾਨਾਂ ਦੀ ਤਕਰੀਬਨ 700 ਏਕੜ ਰਕਬੇ ਵਿੱਚ ਪਰਾਲੀ ਨੁੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਦੇ ਹਨ। ਉਨਾਂ ਦੱਸਿਆ ਕਿ ਸ਼ੁਰੂ ਵਿਚ ਕਿਸਾਨਾਂ ਵੱਲੋਂ ਇਸ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਉਣ ਤੋਂ ਮਨਾ ਕੀਤਾ ਜਾਂਦਾ ਸੀ ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ , ਹੁਣ ਕਿਸਾਨ ਆਪ ਇਸ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਪਰ ਐੱਸ ਐੱਮ ਐੱਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਨ ਨਾਲ ਲਾਈਨਾਂ ਵਿਚ ਡਿੱਗਣ ਵਾਲਾ ਪਰਾਲ ਛੋਟੇ ਛੋਟੇ ਟੁਕੜਿਆਂ ਵਿਚ ਕਟ ਕੇ ਖੇਤ ਵਿਚ ਇਕਸਾਰ ਖਿਲਰ ਜਾਂਦਾ ਹੈ ਜਿਸ ਉਪਰੰਤ ਤਵੀਆਂ ਜਾਂ ਰੋਟਾਵੇਟਰ ਨਾਲ ਸਮੁੱਚੀ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਅਤੇ ਵਕਤ ਆਉਣ ਤੇ ਡਰਿੱਲ ਨਾਲ ਬਿਜਾਈ ਕਰ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਡਰਿੱਲ ਤੋਂ ਇਲਾਵਾ ਸੁਪਰ ਸੀਡਰ ਨਾਲ ਵੀ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ,ਸੁਪਰ ਸੀਡਰ ਨਾਲ ਬਿਜਾਈ ਕਰਨ ਨਾਲ ਸਾਰੇ ਕੰਮ ਇੱਕੋ ਵਾਰ ਹੋ ਜਾਂਦੇ ਹਨ ਜਿਸ ਨਾਲ ਕਾਫੀ ਬੱਚਤ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਨਾਲ ਜ਼ਮੀਨ ਦੀ ਸਿਹਤ ਵਿੱਚ ਚੋਖਾ ਸੁਧਾਰ ਹੋਇਆ ਹੈ ਅਤੇ ਕਣਕ ਅਤੇ ਝੋਨੇ ਦੀ ਪੈਦਾਵਾਰ ਵਿਚ ਵੀ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਖਾਦਾਂ ਦੀ ਖਪਤ ਵਿਚ ਵੀ ਕਮੀ ਆਈ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਣੀ ਅਤੇ ਅਸੀਂ ਤੁਹਾਡੀ ਕਣਕ ਦੀ ਬਿਜਾਈ ਕਰਾਂਗੇ। ਉਨਾਂ ਕਣਕ ਦੀ ਗੁਲਾਬੀ ਸੁੰਡੀ ਬਾਰੇ ਦੱਸਿਆ ਕਿ ਇਸ ਸੁੰਡੀ ਤੋਂ ਡਰਨ ਦੀ ਨਹੀਂ ਸਗੋਂ ਸਮੇਂ ਸਿਰ ਇਲਾਜ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨਾਂ ਦੱਸਿਆ ਕਿ ਮੇਰੇ ਖੇਤਾਂ ਵਿਚ ਕਦੇ ਸੁੰਡੀ ਦਾ ਹਮਲਾ ਨਹੀਂ ਹੋਇਆ ਕਿਉਂਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਕਲੋਰੋਪਾਈਰਫਾਸ ਕੀਟਨਾਸ਼ਕ ਨਾਲ ਸੋਧ ਲਿਆ ਜਾਂਦਾ ਹੈ। ਉਨਾਂ ਦੱਸਿਆ ਕਿ ਜੇਕਰ ਮਾੜੀ ਮੋਟੀ ਸਮੱਸਿਆ ਆ ਵੀ ਜਾਵੇ ਤਾਂ ਖੇਤੀ ਮਾਹਿਰਾਂ ਦੇ ਸਲਾਹ ਨਾਲ ਰੋਕਥਾਮ ਕਰ ਲਈ ਜਾਂਦੀ ਹੈ।
ਬਲਵਿੰਦਰ ਸਿੰਘ ਮੁਤਾਬਿਕ ਇਸ ਵਿਧੀ ਰਾਹੀ ਉਹ 25 ਕਿਲੋ ਯੂਰੀਆ, 20 ਕਿਲੋ ਡੀ.ਏ.ਪੀ. ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈ ।
ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਗਲਤੀ ਨਾ ਕਰਨ ਅਤੇ ਇਸਨੂੰ ਖੇਤ ਵਿੱਚ ਹੀ ਗਾਲਣ ਤਾਂ ਜੋ ਖੇਤੀ ਦੇ ਖਰਚੇ ਵੀ ਘੱਟ ਸਕਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕੰਮ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਬਲਵਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਵਜੋਂ ਕੰਮ ਕਰਦੇ ਹਨ।ਉਨਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਬਲਵਿੰਦਰ ਸਿੰਘ ਅਤੇ ਬੂਟਾ ਸਿੰਘ ਦੀ ਤਰਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਹਦ ਨੂੰ ਅੱਗ ਨਾ ਲਗਾਉਣ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।