ਮਾਨਸਾ, 14 ਅਪ੍ਰੈਲ:
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਡਾ. ਅੰਬੇਡਕਰ ਯੂਥ ਕਲੱਬ, ਮਾਨਸਾ ਵੱਲੋਂ ‘ਗਿਆਨ ਦਿਵਸ’ ਦੇ ਤੌਰ ’ਤੇ ਸ਼ਾਂਤੀ ਭਵਨ ਮਾਨਸਾ ਵਿਖੇ ਮਨਾਇਆ ਗਿਆ, ਜਿੱਥੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਮੁੱਖ ਮਹਿਮਾਨ ਵਜ਼ੋਂ ਸ਼ਾਮਿਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਹਾਜ਼ਰੀਨ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਕ ਸਾਧਾਰਨ ਪਰਿਵਾਰ ’ਚ ਜਨਮੇ ਬਾਬਾ ਸਾਹਿਬ ਨੇ ਬੇਹੱਦ ਔਕੜਾਂ ਦੇ ਬਾਵਜੂਦ ਆਪਣੀ ਲਿਆਕਤ, ਮਿਹਨਤ ਅਤੇ ਲਗਨ ਸਦਕਾ ਇੱਕ ਉੱਘੇ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੀਤੀਵਾਨ ਵਜੋਂ ਦੁਨੀਆ ਭਰ ’ਚ ਨਾਮਣਾ ਖੱਟਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਮਹਾਨ ਸਖਸ਼ੀਅਤ ਨੂੰ ਸਾਨੂੰ ਆਪਣੇ ਆਦਰਸ਼ ਵਜੋਂ ਲੈਂਦਿਆਂ ਹਮੇਸ਼ਾਂ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਜਰੀਏ ਸਾਰੇ ਭਾਰਤ ਵਾਸੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਅਤੇ ਸਾਨੂੰ ਚੋਣਾਂ ਦੌਰਾਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਾਵਨ ਮੌਕੇ ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਵੱਲੋਂ ਪਾਏ ਪੂਰਨਿਆਂ ’ਤੇ ਚਲਦਿਆਂ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਈਏ।
ਸ੍ਰੀ ਕ੍ਰਿਸ਼ਨ ਸਾਵਨ ਜੀ ਦੀ ਪ੍ਰਧਾਨਗੀ ਹੇਠ ਮਨਾਏ ਗਏ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਮੌਕੇ ਮੁੱਖ ਵਕਤਾ ਅਤੇ ਪ੍ਰਧਾਨ ਲੋਕ ਚੇਤਨਾ ਵਿਕਾਸ ਮੰਚ, ਸ੍ਰੀ ਲਾਲ ਸਿੰਘ ਸੁਲਹਾਣੀ ਨੇ ਬਾਬਾ ਸਾਹਿਬ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਸਮਾਜਿਕ ਬਰਾਬਰੀ ਲਈ ਕੀਤੇ ਕੰਮ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਲੋਕਾਂ ਨੂੰ ਸਮਾਜ ਵਿਚ ਵਿਚਰਦਿਆਂ ਬਾਬਾ ਸਾਹਿਬ ਦੀ ਵਿਚਾਰਧਾਰਾ ਅਤੇ ਆਦਰਸ਼ਾਂ ਨੂੰ ਨਾ ਸਿਰਫ ਪੜ੍ਹਨ ਤੇ ਸੁਣਨ ਤੱਕ ਸੀਮਤ ਰੱਖ ਕੇ ਆਪਣੇ ਜੀਵਨ ਵਿਚ ਇੰਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਕੇ ਇਕ ਚੰਗੇ ਨਾਗਰਿਕ ਬਣਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਪ੍ਰਗਤੀ ਕਲਾ ਕੇਂਦਰ, ਜਲਾਲਾਬਾਦ ਦੀ ਟੀਮ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਉਨ੍ਹਾਂ ਦੀ ਦੱਬੇ ਕੁਚਲੇ ਲੋਕਾਂ ਅਤੇ ਸਮਾਜ ਦੇ ਹਰ ਵਰਗ ਲਈ ਕੀਤੇ ਗਏ ਬਹੁਮੁੱਲੇ ਯੋਗਦਾਨ ਅਤੇ ਸੰਵਧਾਨ ਰਚਨਾ ਬਾਰੇ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਲੋਕਾਂ ਨੂੰ ਵੋਟਾਂ ਦੌਰਾਂਨ ਬਿਨ੍ਹਾਂ ਕਿਸੇ ਲਾਲਚ, ਡਰ, ਜ਼ਾਤ, ਧਰਮ ਤੋਂ ਉੱਪਰ ਉੱਠ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ਤੋਂ ਪਹਿਲਾਂ ਸਵੇਰੇ ਸਬਜ਼ੀ ਮੰਡੀ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਮੋਟਰਸਾਇਕਲ ਮਾਰਚ ਵੀ ਕੱਢਿਆ ਗਿਆ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਰਿਟਾਇਰਡ ਪੀ.ਸੀ.ਐਸ., ਪ੍ਰਧਾਨ ਪਵਨ ਕੁਮਾਰ, ਵਿੱਤ ਸਕੱਤਰ ਪਵਨ ਕੁਮਾਰ, ਸੈਕਟਰੀ ਡਾ. ਕੁਲਦੀਪ ਚੌਹਾਨ, ਮੈਂਬਰ ਜਗਜੀਵਨ ਸਿੰਘ ਆਲੀਕੇ, ਬਲਵੰਤ ਬੰਟੀ, ਰਾਜ ਕੁਮਾਰ ਰਾਜੂ, ਚਰਨਜੀਤ ਚੰਨੀ, ਸੰਜੀਵ ਕੁਮਾਰ, ਬਲਵੀਰ ਚਕੇਰੀਆਂ, ਮੈਨੇਜ਼ਰ ਦਰਸ਼ਨ ਕੁਮਾਰ, ਮੋਹਨ ਲਾਲ, ਸਿਕੰਦਰ ਕੁਮਾਰ, ਸਤਵੀਰ ਕੁਮਾਰ, ਗਾਂਧੀ ਕੁਮਾਰ, ਡਾ. ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਬਾਬਾ ਸਾਹਿਬ ਦੇ ਪੂਰਨਿਆਂ ’ਤੇ ਚਲਦਿਆਂ ਸਾਨੂੰ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ-ਡਿਪਟੀ ਕਮਿਸ਼ਨਰ


