ਫਾਜ਼ਿਲਕਾ, 28 ਮਈ:
1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਲਈ ਨਾਮਜਦ ਵਿਸੇ਼ਸ ਪੁਲਿਸ ਅਬਜਰਵਰ ਸ੍ਰੀ ਦੀਪਕ ਮਿਸ਼ਰਾ ਅਤੇ ਸਪੈਸ਼ਲ ਖਰਚਾ ਅਬਜਰਵਰ ਸ੍ਰੀ ਬੀ ਆਰ ਬਾਲਾਕ੍ਰਿਸ਼ਨਨ ਨਾਲ ਵੀਡੀਓ ਕਾਨਫਰੰਸ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 829 ਪੋਲਿੰਗ ਬੂਥਾਂ ਤੇ ਤੇਜ ਗਰਮੀ ਦੇ ਮੱਦੇਨਜਰ ਵੋਟਰਾਂ ਦੀ ਸਹੁਲਤ ਲਈ ਛਾਂ, ਪੀਣ ਦੇ ਪਾਣੀ ਤੇ ਸਰਬਤ ਦੀ ਛਬੀਲ ਆਦਿ ਸਮੇਤ ਸਾਰੀਆਂ ਮੁੱਢਲੀਆਂ ਸਹੁਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਨਾਲ ਵੀ ਚੋਣ ਅਮਲੇ ਦੀ ਸਹੁਲਤ ਲਈ, ਉਨ੍ਹਾਂ ਦੇ ਠਹਿਰਾਓ ਅਤੇ ਖਾਣੇ ਆਦਿ ਦੀ ਵੀ ਵਿਵਸਥਾ ਕੀਤੀ ਗਈ ਹੈ। 31 ਮਈ ਦੀ ਸ਼ਾਮ ਨੂੰ ਪੋਲਿੰਗ ਪਾਰਟੀਆਂ ਸਾਰੇ ਪੋਲਿੰਗ ਬੂਥਾਂ ਤੇ ਪੁੱਜ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਦੇ ਆਖਰੀ ਕੁਝ ਦਿਨਾਂ ਦੌਰਾਨ ਚੌਕਸੀ ਵੀ ਵਧਾ ਦਿੱਤੀ ਗਈ ਹੈ ਅਤੇ ਉਮੀਦਵਾਰਾਂ ਦੀਆਂ ਸਭਾਵਾਂ, ਰੈਲੀਆਂ ਦੇ ਸਾਰੇ ਖਰਚ ਬੁੱਕ ਕੀਤੇ ਜਾ ਰਹੇ ਹਨ ਉਥੇ ਹੀ ਚੋਣਾਂ ਨੂੰ ਧਨ, ਬਲ ਜਾਂ ਨਸ਼ੇ ਨਾਲ ਪ੍ਰਭਾਵਿਤ ਕਰਨ ਦੀ ਹਰ ਕੋਸ਼ਿਸ ਨੂੰ ਨਾਕਾਮ ਕਰਨ ਲਈ ਜਿੱਥੇ ਜ਼ਿਲ੍ਹਾ ਪੁਲਿਸ ਚੋਕਸ ਹੈ ਉਥੇ ਹੀ ਐਫਐਸਟੀ ਅਤੇ ਐਸਐਸਟੀ ਟੀਮਾਂ 24 ਘੰਟੇ ਕਾਰਜਸ਼ੀਲ ਹਨ। ਇਨਕਮ ਟੈਕਸ, ਐਕਸਾਈਜ ਵਿਭਾਗ ਵੀ ਚੋਕਸੀ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 3242000 ਰੁਪਏ ਦੀ ਨਗਦੀ ਜਬਤ ਕੀਤੀ ਗਈ ਹੈ ਜਦ ਕਿ 58,59,96,339 ਰੁਪਏ ਦੇ ਨਸ਼ੇ ਜਾਂ ਹੋਰ ਸਮਾਨ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜਬਤ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਏਆਰਓ ਬੱਲੂਆਣਾ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਸ੍ਰੀ ਵਿਪਨ ਕੁਮਾਰ ਅਤੇ ਸ੍ਰੀ ਪੰਕਜ ਬਾਂਸਲ ਵੀ ਹਾਜਰ ਸਨ।