ਫਾਜਿਲਕਾ ਪੁਲਿਸ ਦੀ ਹੈਰੋਇਨ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ, ਸੀ.ਆਈ.ਏ ਫਾਜ਼ਿਲਕਾ ਦੀ ਟੀਮ ਵੱਲੋਂ 02 ਨਸ਼ਾ ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

Fazilka Politics Punjab

ਫਾਜਿਲਕਾ: 21 ਨਵੰਬਰ 2024

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਦੇ ਤਹਿਤ ਸ੍ਰੀ ਬਲਕਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ ਫਾਜ਼ਿਲਕਾ ਦੀ ਟੀਮ ਵੱਲੋਂ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬੱਸ ਅੱਡਾ ਸੋਹਣਾ ਸਾਂਦੜ ਦੇ ਅੰਦਰ ਬੈਠੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ, ਜਿੰਨਾਂ ਪਾਸੋ ਜਤਿੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਜੀ ਦੀ ਹਾਜਰੀ ਵਿਚ 500 ਗਰਾਮ ਹੈਰੋਇਨ, ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਨੰਬਰ PB-61E-0691 ਅਤੇ 02 ਮੋਬਾਈਲ ਮਾਰਕਾ ਆਈ.ਫੋਨ ਬਰਾਮਦ ਕੀਤੇ ਗਏ।

ਕਾਬੂ ਕੀਤੇ ਹੈਰੋਇਨ ਤਸਕਰਾਂ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ ਉਰਫ ਸਬਾਜ ਕੇ ਥਾਣਾ ਸਦਰ ਜਲਾਲਾਬਾਦ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ ਉਰਫ ਸਬਾਜ ਕੇ ਥਾਣਾ ਸਦਰ ਜਲਾਲਾਬਾਦ ਵੱਜੋਂ ਹੋਈ, ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 116 ਮਿਤੀ 20-11-2024 ਜੁਰਮ 21-ਸੀ/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਨਾਂ ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ੇ ਦੇ ਖਾਤਮੇ ਲਈ ਫਾਜਿਲਕਾ ਪੁਲਿਸ ਵੱਲੋਂ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਫਾਜਿਲਕਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਲਈ ਹਮੇਸ਼ਾ ਵਚਨਬੱਧ ਹੈ।