ਮਿੱਟੀ ਪਰਖ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

Politics Punjab

ਮਾਨਸਾ, 12 ਦਸੰਬਰ :
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ  ਯੂਰੀਆ ਦੀ ਵਰਤੋਂ ਸ਼ਿਫਾਰਿਸ ਕੀਤੀ ਗਈ ਮਾਤਰਾ ਅਨੁਸਾਰ ਹੀ ਪਾਈ ਜਾਵੇ। ਇਸ ਲਈ ਬਿਹਤਰ ਹੋਵੇਗਾ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਪਰਖ ਦੇ ਅਧਾਰ ’ਤੇ ਵਿਭਾਗ ਵੱਲੋਂ ਦਿੱਤੇ ਗਏ ਮਿੱਟੀ ਸਿਹਤ ਕਾਰਡ ਅਨੁਸਾਰ ਖਾਦਾਂ ਦੀ ਵਰਤੋਂ ਕਰਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹਾੜੀ ਦੀਆਂ ਫਸਲਾਂ ਲਈ ਕੁੱਲ 65000 ਮੀਟਰਕ ਟਨ ਯੂਰੀਆ ਖਾਦ ਦੀ ਜਰੂਰਤ ਹੁੰਦੀ ਹੈ, ਜਿਸ ਵਿੱਚੋਂ ਹੁਣ ਤੱਕ ਕਰੀਬ 45,000 ਮੀਟਰਕ ਟਨ ਯੂਰੀਆ ਖਾਦ ਜ਼ਿਲ੍ਹੇ ਅੰਦਰ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਕੋਲ ਆ ਚੁੱਕੀ ਹੈ। ਉਨ੍ਹਾਂ ਕਿਹਾ ਰਹਿੰਦੀ ਯੂਰੀਆ ਖਾਦ ਵੀ ਜਲਦੀ ਉਪਲਬੱਧ ਕਰਵਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਨੂੰ ਲੈ ਕੇ ਕਿਸਾਨਾਂ ਵਿੱਚ ਘਬਰਾਹਟ ਵੇਖੀ ਗਈ ਹੈ, ਪ੍ਰੰਤੂ ਕਿਸਾਨਾਂ ਨੂੰ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਯੂਰੀਆ ਖਾਦ ਵੀ ਆ ਜਾਵੇਗੀ।  
ਉਨ੍ਹਾਂ ਖਾਦ ਵਿਕਰੇਤਾਵਾ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਖਾਦਾਂ ਦੇ ਰੇਟ ਅਤੇ ਸਟਾਕ ਨੂੰ ਦਰਸ਼ਾਉਂਦਾ ਸਟਾਕ ਬੋਰਡ ਜ਼ਰੂਰ ਲਗਾਉਣ, ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਖਰੀਦ ਸਮੇਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਬਿਨ੍ਹਾਂ ਪੱਕੇ ਬਿੱਲ ਤੋ ਖਾਦ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਉਹ ਜਦ ਵੀ ਖੇਤੀਬਾੜੀ ਸਬੰਧਤ ਕਿਸੇ ਵੀ ਖੇਤੀ ਸਮੱਗਰੀ ਦੀ ਖਰੀਦ ਕਰਨ ਤਾਂ ਉਸ ਦਾ ਪੱਕਾ ਬਿੱਲ ਜਰੂਰ ਲੈਣ।