ਸ਼੍ਰੀ ਮੁਕਤਸਰ ਸਾਹਿਬ 11 ਦਸੰਬਰ
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਓ ਲਈ ਖੇਤਾਂ ਦਾ ਸਰਵੇਖਣ ਕਰਨ ਲਈ 22 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਜਾਣਕਾਰੀ ਸ਼੍ਰੀ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਜਿ਼ਲ੍ਹਾ ਪੱਧਰ ਤੇ 1, ਬਲਾਕ ਪੱਧਰ ਤੇ 4 ਅਤੇ ਸਰਕਲ ਪੱਧਰ ਤੇ 22ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਹ ਟੀਮਾਂ ਰੋਜ਼ਾਨਾ ਕਣਕ ਦੀ ਫ਼ਸਲ ਦਾ ਸਰਵੇਖਣ ਕਰ ਰਹੀਆਂ ਹਨ।
ਇਸੇ ਦੀ ਲਗਾਤਾਰਤਾ ਵਿੱਚ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋ ਪਿੰਡ ਭੁੱਲਰ, ਦੋਦਾ, ਲੁਹਾਰਾ, ਸੁਖਨਾ ਅਬਲੂ ਅਤੇ ਚੋਟੀਆਂ ਦੇ ਵੱਖ-ਵੱਖ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਵੱਲੋ ਪਿੰਡ ਚੋਟੀਆਂ ਦੇ ਕਿਸਾਨ ਸ੍ਰੀ ਪਰਮਿੰਦਰ ਸਿੰਘ ਪੁੱਤਰ ਸ੍ਰੀ ਦਰਸ਼ਨ ਸਿੰਘ ਦੇ ਖੇਤ ਦਾ ਸਰਵੇਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਕਿਸਾਨ ਵੱਲੋ ਝੋਨੇਂ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਉਪਰੰਤ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਦਬਾਕੇ ਕਣਕ ਦੀ ਬਿਜਾਈ ਕੀਤੀ ਗਈ ਹੈ। ਕਿਸਾਨ ਨੇ ਦੱਸਿਆ ਕਿ ਉਸਨੇ ਇੱਕ ਖੇਤ ਵਿੱਚ ਰੌਣੀ ਕਰਕੇ ਅਤੇ ਦੂਜੇ ਪਾਸੇ ਸੁੱਕੇ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ। ਇਨਾਂ ਖੇਤਾਂ ਵਿੱਚ ਇਹ ਦੇਖਣ ਵਿੱਚ ਆਇਆ ਕਿ ਜਿਸ ਖੇਤ ਵਿੱਚ ਰੌਣੀ ਕਰਕੇ ਗਿਲ ਵੱਤਰ ਤੇ ਕਣਕ ਦੀ ਬਿਜਾਈ ਕੀਤੀ ਗਈ ਉਸ ਖੇਤ ਵਿੱਚ ਕਣਕ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ ਅਤੇ ਇਸ ਖੇਤ ਵਿੱਚ ਪੀ.ਏ.ਯੂ. ਦੀਆਂ ਸਿਫਾਰਿਸ਼ਾਂ ਅਨੁਸਾਰ ਸਪਰੇ ਕਰਵਾਈ ਗਈ, ਹੁਣ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਵਿੱਚ ਹੈ।ਇਸਦੇ ਉਲਟ ਦੂਜੇ ਸੁੱਕੇ ਖੇਤ ਅਤੇ ਹੈਪੀ ਸੀਡਰ/ਸੁਪਰ ਸੀਡਰ ਨਾਲ ਬਿਜਾਈ ਕੀਤੇ ਗਏ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀ ਮਿਲਿਆ। ਜਿਸ ਤੋ ਸਪੱਸ਼ਟ ਹੈ ਕਿ ਗੁਲਾਬੀ ਸੁੰਡੀ ਦਾ ਪਰਾਲੀ ਨਾਲ ਕੋਈ ਸਬੰਧ ਨਹੀ ਹੈ।
ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਘਬਰਾਉਣ ਦੀ ਬਜਾਏ ਆਪਣੀ ਫ਼ਸਲ ਦਾ ਲਗਾਤਾਰ ਨਿਰੀਖ਼ਣ ਕੀਤਾ ਜਾਵੇ, ਜੇਕਰ ਕਣਕ ਦੀ ਫ਼ਸਲ ਵਿੱਚ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਪੀ.ਏ.ਯੂ. ਲੁਧਿਆਣਾ ਦੀਆਂ ਸਿ਼ਫਾਰਸ਼ਾਂ ਅਨੁਸਾਰ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਜਿਵੇਂ ਕਿ 50 ਮਿ.ਲੀ: ਪ੍ਰਤੀ ਏਕੜ ਕੋਰਾਜ਼ਨ 18.5 ਪ੍ਰਤੀਸ਼ਤ ਐਸ.ਸੀ. (ਕਲੋਰਐਟਰਾਨਿਲੀਪਰੋਲ), ਇੱਕ ਲੀਟਰ ਕਲੋਰੋਪਾਇਰੀਫਾਸ 20 ਪ੍ਰੀਤਸ਼ਤ ਈ.ਸੀ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰਨ ਜਾਂ 7 ਕਿ:ਗ੍ਰਾ: ਫਿਪਰੋਨਿਲ 0.3 ਪ੍ਰਤੀਸ਼ਤ ਨੂੰ 20 ਕਿ:ਗ੍ਰਾ: ਮਿੱਟੀ ਵਿੱਚ ਰਲਾ ਕੇ ਪਹਿਲੇ ਪਾਣੀ ਤੋਂ ਪਹਿਲਾ ਛਿੜਕਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਨੂੰ ਕਿਸੇ ਤਰਾਂ ਦੀ ਕੋਈ ਮੁ਼ਸਕਿਲ ਪੇਸ਼ ਆਉਦੀ ਹੈ ਤਾਂ ਉਸ ਸਬੰਧੀ ਬਲਾਕ ਦੇ ਸਬੰਧਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ।