ਬਰਨਾਲਾ, 21 ਸਤੰਬਰ
    ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ  ਨੇ ਪਿੰਡ ਸੁਰਜੀਤਪੁਰਾ ਵਿੱਚ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨ ਦੇ ਖੇਤ ਦਾ ਦੌਰਾ ਕੀਤਾ।
 ਕਿਸਾਨ ਸੁਖਪਾਲ ਸਿੰਘ ਪੁੱਤਰ ਮੇਵਾ ਸਿੰਘ ਕੋਠੇ ਸੁਰਜੀਤਪੁਰਾ ਵੱਲੋਂ 70 ਏਕੜ ਵਿੱਚ ਮਲਚਰ 0 ਆਰ ਐਮ ਬੀ ਪਲਾਅ ਅਤੇ ਰੋਟਾਵੇਟਰ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਸੀ।
ਕਿਸਾਨ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਲਈ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਕਰਕੇ 70 ਏਕੜ ਵਿੱਚ ਆਲੂਆਂ ਦੀ ਬਿਜਾਈ ਕਰਦਾ ਹੈ। ਉਹ ਆਪਣੇ ਖੇਤ ਵਿੱਚ ਪਹਿਲਾਂ ਮਲਚਰ ਚਲਾ ਕੇ ਫਿਰ ਆਰ ਐਮ ਬੀ ਪਲਾਓ ਚਲਾਉਂਦਾ ਹੈ, ਇਸ ਤੋਂ ਬਾਅਦ ਰੋਟਾਵੇਟਰ ਚਲਾ ਕੇ ਖੇਤ ਨੂੰ ਆਲੂਆਂ ਦੀ ਬਿਜਾਈ ਲਈ ਤਿਆਰ ਕਰਦਾ ਹੈ।
ਇਸ ਮੌਕੇ ਇਕ ਹੋਰ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਆਲੂ ਵੱਖ ਵੱਖ ਫਰਮਾਂ ਨੂੰ ਦਿੱਤੇ ਜਾਂਦੇ ਹਨ। ਕਿਸਾਨ ਪਾਲ ਸਿੰਘ ਵੜੈਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਸਾਰੇ ਕਿਸਾਨਾਂ ਵਲੋਂ ਪਰਾਲੀ ਦਾ ਇਸੇ ਤਰ੍ਹਾਂ ਪ੍ਰਬੰਧਨ ਕਰਕੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਓਨ੍ਹਾਂ ਵੱਲੋਂ ਪੈਪਸੀਕੋ, ਹਲਦੀਰਾਮ ਤੇ ਹੋਰ ਫਰਮਾਂ ਨੂੰ ਆਲੂ ਸਪਲਾਈ ਕੀਤੇ ਜਾਂਦੇ ਸਨ।
    ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਸਾਰੇ ਕਿਸਾਨ ਇਸ ਤਰ੍ਹਾਂ ਪਰਾਲੀ ਪ੍ਰਬੰਧਨ ਲਈ ਅੱਗੇ ਆਉਣ ਤਾਂ ਜ਼ਿਲ੍ਹੇ ਵਿੱਚ ਪਰਾਲੀ ਦੀ ਵੱਡੀ ਸਮੱਸਿਆ ਨੂੰ ਠੱਲ ਪਵੇਗੀ। ਓਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ। ਓਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਖੇਤੀ ਮਸ਼ੀਨਰੀ ਦੀਆਂ ਲਿਸਟਾਂ ਸਾਰੇ ਪਿੰਡਾਂ ਵਿੱਚ ਲਗਾਈਆਂ ਜਾ ਰਹੀਆਂ ਹਨ, ਜੇਕਰ ਕਿਸੇ ਕਿਸਾਨ ਨੂੰ ਪਰਾਲੀ ਦੀ ਸੰਭਾਲ ਕਰਨ ਲਈ ਖੇਤੀ ਮਸ਼ੀਨਰੀ ਦੀ ਜ਼ਰੂਰਤ ਹੈ ਉਹ ਆਪਣੇ ਪਿੰਡ ਦੀ ਕੋਅਪਰੇਟਿਵ ਸੁਸਾਇਟੀ ਦੇ ਮੈਂਬਰ ਜਾਂ ਪਿੰਡ ਵਿੱਚ ਨਿਯੁਕਤ ਕੀਤੇ ਨੋਡਲ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਹਰਬੰਸ ਸਿੰਘ ਸਿੱਧੂ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਲਈ ਖੇਤੀ ਮਸ਼ੀਨਰੀ ਲਈ ਖੇਤੀਬਾੜੀ ਵਿਭਾਗ ਦੇ ਸਰਕਲ ਇੰਚਾਰਜ ਜਾਂ ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਵੀ ਸੰਪਰਕ ਕਰ ਸਕਦੇ ਹਨ। ਇਸ ਤੋਂ ਬਿਨਾਂ ਜੇਕਰ ਪਰਾਲੀ ਦੀ ਸੰਭਾਲ ਜਾਂ ਖੇਤੀਬਾੜੀ ਸਬੰਧਤ ਕੋਈ ਹੋਰ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਵੀ ਖੇਤੀਬਾੜੀ ਵਿਭਾਗ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਂਕੇ ਡਾ. ਧਰਮਵੀਰ ਸਿੰਘ ਕੰਬੋਜ, ਖੇਤੀਬਾੜੀ ਅਫ਼ਸਰ, ਸ੍ਰੀ ਬੇਅੰਤ ਸਿੰਘ ਇੰਜੀਨੀਅਰ ਗਰੇਡ—1, ਸੁਨੀਤਾ ਰਾਣੀ ਨੋਡਲ ਅਫਸਰ ਪਰਾਲੀ, ਕਿਸਾਨ ਬਲਵਿੰਦਰ ਸਿੰਘ, ਸਰਦਾਰਾ ਸਿੰਘ ਹਾਜ਼ਰ ਸਨ।