ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਨਾ ਮਿਲਣ ’ਤੇ ਵਿਭਾਗ ਨਾਲ ਸੰਪਰਕ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ

Mansa Politics Punjab


ਮਾਨਸਾ, 23 ਨਵੰਬਰ :
ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਰਾਲੀ ਦਾ ਪ੍ਰਬੰਧ ਕਰਨ ਲਈ ਲੋੜੀਂਦੀ ਮਸ਼ੀਨਰੀ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ ਅਤੇ ਨਿੱਜੀ ਕਿਸਾਨਾਂ ਕੋਲ ਉਪਲਭਧ ਹੈ। ਕਿਸਾਨ ਇਹ ਮਸ਼ੀਨਾਂ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਕਿਰਾਏ ’ਤੇੇ ਲੈ ਕੇ ਪਰਾਲੀ ਦਾ ਖੇਤ ਅੰਦਰ ਹੀ ਜਾਂ ਪਰਾਲੀ ਨੂੰ ਖੇਤ ਤੋਂ ਬਾਹਰ ਕੱਢ ਕੇ ਯੋਗ ਪ੍ਰਬੰਧਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੇਲਰ ਮਸ਼ੀਨਾਂ ਵੀ ਉਪਲਭਧ ਹਨ, ਜਿੰਨ੍ਹਾਂ ਦੁਆਰਾ ਪਰਾਲੀ ਦੀਆਂ ਗੰਢਾਂ ਬਣਾ ਕੇ ਪਰਾਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਲਾਕ ਝੁਨੀਰ ਦੇ ਪਿੰਡ ਭੰਮੇ ਕਲਾਂ ਵਿੱਚ ਹੀ ਬੇਲਰ ਮਾਲਕਾਂ ਵੱਲੋਂ ਕਿਸਾਨ ਸ਼੍ਰੀ ਸੁਖਦੇਵ ਸਿੰਘ, ਸ੍ਰੀ ਸਿੰਗਾਰਾ ਸਿੰਘ, ਸ੍ਰੀ ਜੀਵਨ ਸਿੰਘ, ਸ੍ਰੀ ਲੱਖਾ ਸਿੰਘ, ਸ੍ਰੀ ਜਗਸੀਰ ਸਿੰਘ, ਸ੍ਰੀ ਭੋਲਾ ਸਿੰਘ, ਸ੍ਰੀ ਬਲਜੀਤ ਸਿੰਘ ਆਦਿ ਦੇ ਖੇਤਾਂ ਵਿੱਚ ਲੱਗਭੱਗ 1400 ਏਕੜ ਰਕਬੇ ਵਿੱਚ ਬੇਲਰ ਦੁਆਰਾ ਗੰਢਾਂ ਬਣਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਅਲੱਗ-ਅਲੱਗ ਤਰ੍ਹਾਂ ਦੀ ਮਸ਼ੀਨਰੀ ਮੌਜੂਦ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਪੱਧਰੀ ਦਫਤਰਾਂ ਵਿੱਚ ਵੀ ਸੁਪਰ ਸੀਡਰ ਅਤੇ ਸਮਾਰਟ ਸੀਡਰ ਮਸ਼ੀਨਾਂ ਉਪਲਬਧ ਹਨ। ਕਿਸਾਨ ਬਲਾਕ ਦਫਤਰਾਂ ਵਿੱਚ ਸੰਪਰਕ ਕਰਕੇ ਇਹ ਮਸ਼ੀਨਾਂ ਕਿਰਾਏ ’ਤੇ ਲੈ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ  ਅੰਦਰ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਮਸ਼ੀਨਰੀ ਮਾਲਕਾਂ ਦੀਆਂ ਲਿਸਟਾਂ ਵੀ ਸਾਰੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ’ਤੇ ਚਸਪਾ ਕੀਤੀਆਂ ਹੋਈਆਂ ਹਨ। ਜੇਕਰ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਨਹੀ ਹੁੰਦੀ ਤਾਂ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਕਰ ਕਰ ਸਕਦੇ ਹਨ।
  ਉਨ੍ਹਾਂ ਜ਼ਿਲ੍ਹੇ  ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤੀ ਮਸ਼ੀਨਰੀ ਦੁਆਰਾ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ। ਇਸ ਨਾਲ ਇੱਕ ਤਾਂ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਧਰਤੀ ਵਿੱਚ ਮੌਜੂਦ ਫਸਲਾਂ ਲਈ ਜਰੂਰੀ ਤੱਤਾਂ ਨੂੰ ਨਸ਼ਟ ਹੋਣ ਤੋ ਬਚਾ ਕੇ ਖਾਦਾਂ ਦੀ ਜਰੂਰਤ ਨੂੰ ਘੱਟ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਰੀਬ 1 ਲੱਖ 73 ਹਜ਼ਾਰ 730 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਲਈ 25 ਹਜ਼ਾਰ ਮੀਟਰਕ ਟਨ ਖਾਦ ਦੀ ਲੋੜ ਹੁਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬਿਜਾਈ ਦੌਰਾਨ ਖਾਦ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਜ਼ਿਲ੍ਹੇ ਵਿੱਚ 22966 ਮੀਟਰਕ ਟਨ ਡੀ.ਏ.ਪੀ. ਖਾਦ ਅਤੇ ਹੋਰ ਬਦਲ ਖਾਦਾਂ ਜਿਵੇਂ ਟੀ.ਐਸ.ਪੀ., ਐਨ.ਪੀ.ਕੇ. ਅਤੇ 16:16:16 ਮੌਜੂਦ ਹਨ।