ਐੱਸ ਏ ਐੱਸ ਨਗਰ, 11 ਜੂਨ, 2024:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ ‘ਤੇ ਖੇਤੀ ਮਸ਼ੀਨਰੀ ਖ੍ਰੀਦ ਕਰਨ ਲਈ ਕਿਸਾਨ ਆਨ-ਲਾਈਨ ਬਿਨੈਪੱਤਰ 20 ਜੂਨ, 2024, ਸ਼ਾਮ 5:00 ਵਜੇ ਤੱਕ ਭਰ ਸਕਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਆਈ ਏ ਐਸ ਨੇ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆ ਘਟਨਾਵਾਂ ਵਿਚ ਪਹਿਲਾਂ ਨਾਲੋਂ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਸੀ.ਆਰ.ਐਮ. (ਫ਼ਸਲੀ ਰਹਿੰਦ-ਖੂਹੰਦ ਪ੍ਰਬੰਧਨ) ਸਕੀਮ ਅਧੀਨ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਕਰਨ ਵਾਲੇ ਖੇਤੀ ਸੰਦਾਂ ਉਪਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇਣ ਲਈ ਸਕੀਮ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਛੁਕ ਕਿਸਾਨ ਆਪਣੇ ਬਿਨੇਪੱਤਰ ਆਨਲਾਈਨ https://agrimachinerypb.com
ਪੋਰਟਲ ਉਪਰ ਮਿਤੀ 20 ਜੂਨ 2024 ਤੱਕ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਅਧੀਨ ਨਿੱਜੀ ਕਿਸਾਨ (50% ਸਬਸਿਡੀ) ਅਤੇ ਕਸਟਮ ਹਾਇਰਿੰਗ ਸੈਂਟਰ (80% ਸਬਸਿਡੀ) ਜਿਵੇਂ ਕਿ ਪੰਚਾਇਤ, ਕਿਸਾਨ ਉਤਪਾਦਕ ਸੰਗਠਨ, ਰਜਿਸਟਰਡ ਫਾਰਮਰ ਗਰੁੱਪ ਅਤੇ ਸਹਿਕਾਰੀ ਸਭਾ ਬਿਨੈਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਦੇਣ ਵਾਲੇ ਕਿਸਾਨ ਕੋਲ ਟਰੈਕਟਰ ਹੋਣਾ ਜ਼ਰੂਰੀ ਅਤੇ ਉਸ ਨੂੰ 5000/- ਰੁਪਏ ਬਤੌਰ ਟੋਕਨ ਮਨੀ ਆਨਲਾਈਨ ਜਮਾਂ ਕਰਵਾਉਣੀ ਹੋਵੇਗੀ ਜੋ ਮੋੜਨਯੋਗ ਹੈ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਨਿੱਜੀ ਤੌਰ ‘ਤੇ ਬਿਨੇਪਤਰ ਦੇਣਾ ਚਾਹੁੰਦੇ ਹਨ, ਉਨ੍ਹਾਂ ਕੋਲ ਪਿਛਲੇ ਸੀਜ਼ਨ ਦੇ ਝੋਨੇ ਦਾ ਜੇ-ਫਾਰਮ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ), ਸੁਪਰ ਐਸ.ਐਮ.ਐਸ, ਹੈਪੀ ਸੀਡਰ, ਸਮਾਰਟ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਰੋਟਰੀ ਸਲੈਸ਼ਰ, ਉਲਟਾਵੇਂ ਹਲ, ਜੀਰੋ ਟਿਲ ਡਰਿਲ, ਸੁਪਰ ਸੀਡਰ, ਸਰਫੇਸ ਸੀਡਰ, ਬੇਲਰ, ਰੇਕ ਅਤੇ ਕਰਾਪ ਰੀਪਰ ਉਪਰ ਸਬਸਿਡੀ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ, ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਆਪਣੇ ਹਲਕੇ ਦੇ ਖੇਤੀਬਾੜੀ ਵਿਕਾਸ / ਵਿਸਥਾਰ ਅਫਸਰ ਨਾਲ ਸੰਪਰਕ ਕਰ ਸਕਦੇ ਹਨ ।
ਖੇਤੀ ਮਸ਼ੀਨਰੀ ਉਪਰ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਬਿਨੈਪਤਰ ਦੇ ਸਕਦੇ ਹਨ-ਡਿਪਟੀ ਕਮਿਸ਼ਨਰ


