ਮਾਨਸਾ, 07 ਅਕਤੂਬਰ:
ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ। ਪਰਾਲੀ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਜਿਸ ਦਾ ਸਿੱਧਾ ਅਸਰ ਫਸਲ ਦੀ ਗੁਣਵੱਤਾ ਅਤੇ ਝਾੜ ’ਤੇ ਪੈਂਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਪਿੰਡ ਗਾਗੋਵਾਲ ਅਤੇ ਕੋਟਲੀ ਕਲਾਂ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਯੋਜਿਤ ਕਿਸਾਨ ਸਿਖਲਾਈ ਕੈਂਪਾਂ ’ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਧਰਤੀ ਅਤੇ ਵਾਤਾਵਰਣ ਹਰ ਮਨੁੱਖ ਅਤੇ ਜੀਵ ਜੰਤੂ ਦਾ ਸਾਂਝਾ ਹੈ। ਧਰਤੀ ’ਤੇ ਜੀਵਨ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਜਿਊਣ ਲਈ ਜ਼ਰੂਰੀ ਹਵਾ, ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਹਿਣਯੋਗ ਵਾਤਾਵਰਣ ਦੇਣ ਲਈ ਸਾਨੂੰ ਸਭ ਨੂੰ ਹੁਣੇ ਤੋਂ ਹੀ ਸੁਚੇਤ ਹੋਣ ਦੀ ਲੋੜ ਹੈ।
ਇਸ ਦੌਰਾਨ ਉਨ੍ਹਾਂ ਪਿੰਡ ਗਾਗੋਵਾਲ ਵਿਖੇ ਖੇਤੀਬਾੜੀ ਵਿਭਾਗ ਅਤੇ ਨਾਭਾ ਫਾਉਡੇਸ਼ਨ ਨਾਲ ਮਿਲ ਕੇ ਪਰਾਲੀ ਨੂੰ ਡੀਕੰਪੋਜਰ ਦੀ ਵਰਤੋਂ ਨਾਲ ਖੇਤਾਂ ਵਿੱਚ ਹੀ ਗਾਲਣ ਦੀ ਸ਼ੁਰੂਆਤ ਵੀ ਕਰਵਾਈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਸ੍ਰ. ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀਆਂ ਐਕਸ ਸੀਟੂ ਅਤੇ ਇੰਨ ਸੀਟੂ ਤਕਨੀਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਸਬੰਧੀ ਖੇਤੀਬਾੜੀ ਵਿਭਾਗ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਲੱਗੀ ਕੰਬਾਇਨ ਨਾਲ ਕਰਨ ਲਈ ਕਿਹਾ ਤਾਂ ਜ਼ੋ ਕਿ ਝੋਨੇ ਦੀ ਪਰਾਲੀ ਦਾ ਪ੍ਰਬੰਧ ਅਸਾਨੀ ਨਾਲ ਹੋ ਸਕੇ। ਪਰਾਲੀ ਦੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋ ਸਬਸਿਡੀ ’ਤੇ ਮਹੁੱਇਆ ਕਰਵਾਈ ਗਈ ਮਸ਼ੀਨਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸਹਿਕਾਰੀ ਸਭਾ ਵੱਲੋਂ ਡਿਪਟੀ ਰਜਿਸ਼ਟਰਾਰ ਅਤੇ ਇੰਸਪੈਕਟਰ ਵਿਸ਼ੇਸ਼ ਤੌਰ ਤੇ ਮੋਜੂਦ ਸਨ।
ਪਰਾਗਦੀਪ ਸਿੰਘ, ਬਲਾਕ ਟੈਕਨੋਲਜੀ ਮੈਨੇਜਰ (ਆਤਮਾ) ਨੇ ਦੱਸਿਆ ਕਿ ਮਸ਼ੀਨਰੀ ਸਬਸਿਡੀ ਵਾਲੇ ਕਿਸਾਨਾਂ ਦੀਆਂ ਲਿਸਟਾਂ ਸਾਝੀਆਂ ਥਾਵਾ ’ਤੇ ਲਗਾਈਆ ਜਾਣਗੀਆਂ। ਇਹ ਲਿਸਟਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਹੋਣਗੀਆਂ।
ਇਸ ਮੌਕੇ ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਖੇਤੀਬਾੜੀ ਉਪ ਨਿਰਖੀਖਕ, ਮੋਹਤਬਰ ਕਿਸਾਨਾਂ ਤੋਂ ਇਲਾਵਾ ਸਹਿਕਾਰੀ ਸਭਾ ਦੇ ਮੈਂਬਰ ਵੀ ਮੋਜੂਦ ਸਨ।