ਮਾਨਸਾ, 21 ਫਰਵਰੀ:
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਵਤਸੱਲਿਆ ਸਕੀਮ ਦੇ ਚੈਪਟਰ ਨੰਬਰ 04 ਅਧੀਨ ਨਿਯਮਾਂ ਅਨੁਸਾਰ ਜਿੰਨ੍ਹਾਂ ਬੱਚਿਆ ਦੇ ਮਾਤਾ—ਪਿਤਾ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਬੱਚਿਆ ਨੂੰ ਸਪੋਂਸ਼ਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸਪੌਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਜੁਵੇਨਾਇਲ ਜ਼ਸਟਿਸ ਐਕਟ ਦੀ ਧਾਰਾ 2(58) ਦੇ ਅਨੁਸਾਰ ਜ਼ਿਲ੍ਹੇ ਵਿੱਚ ਲੋੜਵੰਦ ਬੱਚਿਆਂ ਨੂੰ ਸਪੋਂਸ਼ਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦੁਆਰਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜ਼ੋ ਕਿ 4000/— ਰੁਪਏ ਪ੍ਰਤੀ ਮਹੀਨਾ ਹੈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਕੋਲ ਕੁੱਲ 49 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਇੰਨ੍ਹਾਂ ਦਰਖ਼ਾਸਤਾਂ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਸਟਾਫ ਵੱਲੋ ਹੋਮ ਵਿਜਟ ਕਰਕੇ ਬੱਚਿਆਂ ਦੀ ਸਟੱਡੀ ਰਿਪੋਰਟ, ਅਧਾਰ ਕਾਰਡ, ਆਮਦਨ ਸਰਟੀਫਿਕੇਟ ਆਦਿ ਦਸਤਾਵੇਜ਼ ਪੂਰੇ ਕਰਦੇ ਹੋਏ ਰਿਪੋਰਟ ਪ੍ਰਾਪਤ ਕੀਤੀ ਗਈ, ਜਿਸ ਨੂੰ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਇੰਨ੍ਹਾਂ ਦਰਖਾਸਤਾਂ ਵਿਚੋ 42 ਬੱਚਿਆਂ ਦੇ ਦਸਤਾਵੇਜ਼ ਪੂਰੇ ਪਾਏ ਗਏ ਅਤੇ 07 ਬੱਚਿਆ ਦੇ ਦਸਤਾਵੇਜ਼ ਅਧੂਰੇ ਪਾਏ ਗਏੇ।
ਡਿਪਟੀ ਕਮਿਸ਼ਨਰ ਵੱਲੋ ਜਿੰਨ੍ਹਾਂ ਬੱਚਿਆਂ ਦੇ ਦਸਤਾਵੇਜ਼ ਪੂਰੇ ਪਾਏ ਗਏ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਅਪਰੂਵਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੇਕਰ ਕੋਈ ਹੋਰ ਅਜਿਹੇ ਲੋੜਵੰਦ ਬੱਚੇ ਹਨ, ਜਿੰਨ੍ਹਾਂ ਦੇ ਮਾਤਾ—ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਤਾਂ ਉਹ ਵਿੱਤੀ ਸਹਾਇਤਾ ਲਈ ਆਪਣੇ ਦਸਤਾਵੇਜ਼ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਲੋੜਵੰਦ ਬੱਚਿਆਂ ਨੂੰ ਸਪੋਸ਼ਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੀ ਸੁਵਿਧਾ-ਡਿਪਟੀ ਕਮਿਸ਼ਨਰ


