ਫ਼ਿਰੋਜ਼ਪੁਰ, 16 ਜੁਲਾਈ 2024:
ਆਮ ਲੋਕਾਂ ਨੂੰ ਸਰਕਾਰੀ ਸਕੀਮਾਂ/ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਨੇੜੇ ਹੀ ਉਪਲੱਬਧ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਪਿੰਡ ਖਾਈ ਫ਼ੇਮੇ ਕੀ ਵਿਖੇ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੁਵਿਧਾ ਕੈਂਪ ਦੌਰਾਨ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਐਸ.ਡੀ.ਐਮ. ਡਾ. ਚਾਰੂਮਿਤਾ ਵੱਲੋਂ ਸੋਢੀ ਵਾਲਾ, ਮੀਰਾ ਸ਼ਾਹ ਨੂਰ, ਹਸਨ ਢੁੱਟ, ਨੌਰੰਗ ਕੇ ਲੇਲੀ ਆਦਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਕੈਂਪ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਜਿਸ ਵਿੱਚ ਕਿਸੇ ਵੀ ਵਰਗ ਦੇ ਵਿਅਕਤੀ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਮੰਤਵ ਲੋਕਾਂ ਦੇ ਬਰੂਹਾਂ ਤੱਕ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਅਤੇ ਰਹਿੰਦੀਆਂ ਮੁਸ਼ਕਿਲਾਂ ਦੇ ਸਮਾਬੱਧ ਸਮਾਧਾਨ ਅਧਿਕਾਰੀ ਆਪਣੇ ਦਫ਼ਤਰ ਜਾ ਕੇ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡਾਂ ਸ਼ਹਿਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਖਾਈ ਫ਼ੇਮੇ ਕੀ ਵਿਖੇ ਛੇਤੀ ਹੀ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਲੋਕਾਂ ਵੱਲੋਂ ਸਿਹਤ, ਕਿਰਤ, ਖੇਤੀਬਾੜੀ, ਪੀ.ਐਸ.ਪੀ.ਸੀ.ਐਲ., ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਦਰਖਾਸਤਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਅਧਿਕਾਰੀਆਂ ਵੱਲੋਂ ਵਧੇਰੀਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਈ ਦਰਖਾਸਤਾਂ ਅਜਿਹੀਆਂ ਵੀ ਸਨ, ਜਿੰਨਾਂ ਦਾ ਮੌਕੇ ’ਤੇ ਨਿਪਟਾਰਾ ਨਹੀਂ ਹੋ ਸਕਿਆ ਅਜਿਹੀਆਂ ਦਰਖਾਸਤਾਂ ਨੂੰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਯੁਕਤ ਕਰ ਕੇ ਛੇਤੀ ਤੋਂ ਛੇਤੀ ਨਿਪਟਾਰੇ ਲਈ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਹੜੀਆਂ ਦਰਖਾਸਤਾਂ ਕਿਸੇ ਵਿਭਾਗ ਦੇ ਉੱਚ ਪੱਧਰ ਤੱਕ ਭੇਜਣ ਵਾਲੀਆਂ ਸਨ ਉਨ੍ਹਾਂ ਨੂੰ ਫਾਰਵਰਡ ਕੀਤਾ ਗਿਆ ਹੈ ਤਾਂ ਜੋ ਇਸ ਕੈਂਪ ਦੌਰਾਨ ਪ੍ਰਾਪਤ ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਵਿੱਚ ਕੀਤਾ ਜਾ ਸਕੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਬਲਰਾਜ ਸਿੰਘ ਕਟੋਰਾ, ਬੀ.ਡੀ.ਪੀ.ਓ. ਫ਼ਿਰੋਜ਼ਪੁਰ ਹਰਕੀਤ ਸਿੰਘ, ਫੁੱਮਣ ਸਿੰਘ ਐਕਸੀਅਨ ਪਾਵਰਕਾਮ, ਗਗਨਦੀਪ ਸਿੰਘ ਬਲਾਕ ਪ੍ਰਧਾਨ, ਅਮਰਿੰਦਰ ਸਿੰਘ ਬਰਾੜ, ਹਰਮੀਤ ਸਿੰਘ ਖਾਈ, ਸੁਖਚੈਨ ਸਿੰਘ ਖਾਈ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।