ਫਾਜ਼ਿਲਕਾ 21 ਮਈ 2024…
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ ਦੇ ਲਈ ਨਾਮਜਦ ਖਰਚਾ ਨਿਗਰਾਨ ਸ਼੍ਰੀ ਨਗਿੰਦਰ ਯਾਦਵ ਨੇ ਅੱਜ ਫਾਜ਼ਿਲਕਾ ਜ਼ਿਲੇ ਦਾ ਦੌਰਾ ਕੀਤਾ ਅਤੇ ਇਸ ਉਪਰੰਤ ਉਨਾਂ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਪ੍ਰਕਾਰ ਦੇ ਚੋਣ ਖਰਚੇ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸ਼ੈਡੋ ਰਜਿਸਟਰ ਵਿੱਚ ਉਮੀਦਵਾਰਾਂ ਦੇ ਸਾਰੇ ਖਰਚ ਨੋਟ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਅਖਬਾਰਾਂ ਵਿੱਚ ਛਪਣ ਵਾਲੀਆਂ ਮੁੱਲ ਦੀਆਂ ਖਬਰਾਂ ਤੇ ਵੀ ਚੋਣ ਕਮਿਸ਼ਨ ਦੀ ਨਜ਼ਰ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵੀਐਸਟੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਕਿ ਸਿਆਸੀ ਪ੍ਰੋਗਰਾਮਾਂ ਦੀ ਮੌਕੇ ਤੇ ਜਾ ਕੇ ਵੀਡੀਓਗ੍ਰਾਫੀ ਕਰਦੀਆਂ ਹਨ ਅਤੇ ਉੱਥੇ ਉਮੀਦਵਾਰਾਂ ਵੱਲੋਂ ਕੀਤੇ ਖਰਚ ਅਤੇ ਵਰਤੇ ਸਮਾਨ ਦੀ ਵੀਡੀਓ ਬਣਾ ਕੇ ਲਿਆਉਂਦੀਆਂ ਹਨ। ਜਿਸ ਦੀ ਵੀਡੀਓ ਵਿਯੂਇੰਗ ਟੀਮ ਵੱਲੋਂ ਵੇਖ ਕੇ ਉਕਤ ਪ੍ਰੋਗਰਾਮ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਖਰਚ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਤੈਅਸ਼ੁਦਾ ਰੇਟ ਅਨੁਸਾਰ ਰੇਟ ਬਣਾ ਕੇ ਖਰਚਾ ਨਿਗਰਾਨ ਟੀਮ ਵੱਲੋਂ ਉਕਤ ਅਨੁਸਾਰ ਖਰਚਾ ਉਮੀਦਵਾਰ ਦੇ ਸ਼ੈਡੋ ਰਜਿਸਟਰ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਇਸ਼ਤਿਹਾਰਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਾ ਫਾਜ਼ਲਕਾ ਵਿੱਚ ਹੁਣ ਤੱਕ ਦੋ ਸ਼ੱਕੀ ਪੇਡ ਨਿਊਜ਼ ਪਾਈਆਂ ਗਈਆਂ ਹਨ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।