ਚੰਡੀਗੜ੍ਹ, 9 ਅਕਤੂਬਰ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਸਾਕਾਰਤਮਕ ਦਿਸ਼ਾ ਦੇਣ ਲਈ ਇੱਕ ਵੱਡੀ ਪਹਿਲਕਦਮੀ ਤਹਿਤ ਅੱਜ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ 19,200 ਸਰਕਾਰੀ ਸਕੂਲਾਂ ਵਿੱਚ ਕਰਵਾਈ ਗਈ ਮੈਗਾ ਪੀ.ਟੀ.ਐਮ.  ਵਿੱਚ ਲਗਭਗ 21 ਲੱਖ ਮਾਪੇ ਸ਼ਾਮਲ ਹੋਏ। ਇਸ ਦੌਰਾਨ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਹਾਜ਼ਰੀ, ਸਮਰਥਾਵਾਂ ਅਤੇ ਹੋਰ ਸੁਧਾਰ ਵਾਲੇ ਖੇਤਰਾਂ ‘ਤੇ ਵਿਸਥਾਰਤ ਚਰਚਾ ਕੀਤੀ ਗਈ। ਮਾਪਿਆਂ ਦੀ ਇਸ ਰਿਕਾਰਡ ਗਿਣਤੀ ਵਿੱਚ ਸ਼ਮੂਲੀਅਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਕੀਤੇ ਜਾ ਰਹੇ ਸਿੱਖਿਆ ਸੁਧਾਰਾਂ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਇਆ ਹੈ।

ਮੈਗਾ ਪੀ.ਟੀ.ਐਮ. ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਪ੍ਰਗਟਾਉਣ ਅਤੇ ਵੱਡੀ ਗਿਣਤੀ ਵਿੱਚ ਇਸ ਮੁਹਿੰਮ ਨਾਲ ਜੁੜਨ ਲਈ ਮਾਪਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਧਾਈ ਵੀ ਦਿੱਤੀ।

ਉਨ੍ਹਾਂ ਦੱਸਿਆ ਕਿ “ਹਰ ਦਿਨ, ਇਕ ਕਦਮ ਅੱਗੇ” ਥੀਮ ਹੇਠ ਕਰਵਾਈ ਗਈ ਇਸ ਪੀ.ਟੀ.ਐਮ. ਵਿੱਚ ਲਗਭਗ 21 ਲੱਖ ਮਾਪਿਆਂ ਨੇ ਹਾਜ਼ਰੀ ਭਰੀ, ਜੋ ਸਿੱਖਿਆ ਖੇਤਰ ਵਿੱਚ ਪਰਿਵਾਰਾਂ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ। ਇਸ ਮੀਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਕਾਰਵਾਈ ਦਾ ਨਿਰੀਖਣ ਕਰਨ ਲਈ ਵਿਭਾਗੀ ਅਧਿਕਾਰੀਆਂ ਦੁਆਰਾ ਲਗਭਗ 2,000 ਸਕੂਲਾਂ ਦਾ ਦੌਰਾ ਵੀ ਕੀਤਾ ਗਿਆ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਿਪੋਰਟ ਕਾਰਡਾਂ ਅਤੇ ਪ੍ਰੀਖਿਆ ਦੇ ਅੰਕਾਂ ਤੋਂ ਅੱਗੇ ਵਧਦਿਆਂ, ਮੈਗਾ ਪੀ.ਟੀ.ਐਮ. ਦਾ ਮੁੱਖ ਮਕਸਦ ਮਾਪੇ-ਅਧਿਆਪਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਹਰੇਕ ਬੱਚੇ ਨੂੰ ਸਮੇਂ ਸਿਰ ਉਤਸ਼ਾਹ, ਮਾਰਗਦਰਸ਼ਨ ਅਤੇ ਅਕਾਦਮਿਕ ਸਹਿਯੋਗ ਮਿਲ ਸਕੇ। ਇਸ ਦੌਰਾਨ ਹਰੇਕ ਬੱਚੇ ਦੀ ਸਮੁੱਚੀ ਪੜ੍ਹਾਈ ਅਤੇ ਵਿਅਕਤੀਗਤ ਲੋੜਾਂ ‘ਤੇ ਕੇਂਦਰਿਤ ਸਾਰਥਕ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਇਸ ਮੀਟਿੰਗ ਦੌਰਾਨ ਅਧਿਆਪਕਾਂ ਨੇ ਰਿਪੋਰਟ ਕਾਰਡ ਸਾਂਝੇ ਕੀਤੇ ਅਤੇ ਜਮਾਤ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ, ਹਾਜ਼ਰੀ ਅਤੇ ਸਿੱਖਣ ਦੇ ਨਤੀਜਿਆਂ ‘ਤੇ ਚਰਚਾ ਕੀਤੀ, ਜਿਸ ਵਿੱਚ ਹਰੇਕ ਵਿਦਿਆਰਥੀ ਦੀਆਂ ਸਮਰਥਾਵਾਂ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ‘ਤੇ ਚਾਨਣਾ ਪਾਇਆ ਗਿਆ। ਸਿੱਖਿਆ ਮੰਤਰੀ ਨੇ ਦੱਸਿਆ ਕਿ ਮਾਪਿਆਂ ਨੂੰ ਘਰ ਵਿੱਚ ਪੜ੍ਹਾਈ ਵਿੱਚ ਮਦਦ ਕਰਨ ਦੇ ਵਿਹਾਰਕ ਤਰੀਕਿਆਂ ਬਾਰੇ ਵੀ ਦੱਸਿਆ ਗਿਆ ਤਾਂ ਜੋ ਉਹ ਅਧਿਆਪਕਾਂ ਨਾਲ ਮਿਲ ਕੇ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਣ।

ਸ. ਬੈਂਸ ਨੇ ਕਿਹਾ ਕਿ ਮੈਗਾ ਪੀ.ਟੀ.ਐਮ.  ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਆਰਥੀ-ਪੱਖੀ ਪਹਿਲਕਦਮੀਆਂ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੀ ਇੱਕ ਮੰਚ ਵਜੋਂ ਕੰਮ ਕੀਤਾ। ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ (ਐਸ.ਐਮ.ਸੀ.) ਦੇ ਮੈਂਬਰਾਂ ਦਾ ਸਕੂਲ ਦੇ ਵਿਕਾਸ ਅਤੇ ਸਰਕਾਰੀ ਸਕੂਲਾਂ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਿੱਚ ਪਾਏ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ।

ਇਹ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦਾ ਹਿੱਸਾ ਹੈ, ਜੋ ਅਧਿਆਪਕਾਂ, ਮਾਪਿਆਂ ਅਤੇ ਸਮੁੱਚੇ ਸਕੂਲ ਭਾਈਚਾਰੇ ਦੇ ਆਪਸੀ ਸਹਿਯੋਗ ਨਾਲ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸੂਬੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ।

ਸ. ਹਰਜੋਤ ਬੈਂਸ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰ ਬੱਚੇ ਦੀ ਸਿੱਖਣ ਦੀ ਰਫ਼ਤਾਰ ਵਿੱਚ ਫ਼ਰਕ ਹੁੰਦਾ ਹੈ ਅਤੇ ਘਰ ਵਿੱਚ ਲਗਾਤਾਰ ਉਤਸ਼ਾਹ ਦੇ ਨਾਲ-ਨਾਲ ਸਕੂਲ ਵਿੱਚ ਮਿਲੇ ਵਿਸ਼ੇਸ਼ ਅਕਾਦਮਿਕ ਸਹਿਯੋਗ ਨਾਲ ਸਿੱਖਣ ਦੇ ਨਤੀਜਿਆਂ ਵਿੱਚ ਵੱਡਾ ਸੁਧਾਰ ਆ ਸਕਦਾ ਹੈ। ਮੈਗਾ ਪੀ.ਟੀ.ਐਮ. ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਵਿਦਿਅਕ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਉਨ੍ਹਾਂ ਦੀ ਲਗਾਤਾਰ ਪ੍ਰਗਤੀ ਲਈ ਅਮਲੀ ਕਦਮ ਚੁੱਕਣ ਵਿੱਚ ਮਦਦ ਕੀਤੀ ਹੈ।

ਸਰਕਾਰੀ ਸਕੂਲਾਂ ਨੂੰ ਵਧੇਰੇ ਸਮਾਵੇਸ਼ੀ, ਜਵਾਬਦੇਹ ਅਤੇ ਸਿੱਖਣ ‘ਤੇ ਅਧਾਰਤ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, “ਮੈਗਾ ਪੀ.ਟੀ.ਐਮ. ਦਾ ਮੁੱਖ ਸੰਦੇਸ਼ ਸਪੱਸ਼ਟ ਹੈ, ਜਿਸ ਤਹਿਤ ਹਰ ਬੱਚਾ ਅਹਿਮ ਹੈ ਅਤੇ ਇੱਕਠੇ ਮਿਲ ਕੇ ਅੱਗੇ ਵਧਾਇਆ ਹਰ ਕਦਮ ਮਾਇਨੇ ਰੱਖਦਾ ਹੈ ਅਤੇ ਮਾਪੇ ਤੇ ਅਧਿਆਪਕ ਮਿਲ ਕੇ ਹਰ ਬੱਚੇ ਨੂੰ ਉਸ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਨ।”