ਲੁਧਿਆਣਾ, 08 ਫਰਵਰੀ (000) – ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਜਮਾਤ ਨੌਵੀਂ ਅਤੇ ਗਿਆਰਵੀਂ ਸੈਸ਼ਨ 2024-25 ਵਿੱਚ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਮਿਤੀ 10 ਫਰਵਰੀ 2024 ਨੂੰ ਆਯੋਜਿਤ ਕੀਤੀ ਜਾਵੇਗੀ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਉਪਰੋਕਤ ਪ੍ਰੀਖਿਆ ਲਈ ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਨੂੰ ਨੌਵੀਂ ਜਮਾਤ ਲਈ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਨਾਂਸੂ, ਲੁਧਿਆਣਾ ਨੂੰ ਗਿਆਰਵੀਂ ਜਮਾਤ ਦਾ ਕੇਂਦਰ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਪ੍ਰੀਖਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਵੇਸ਼ ਪ੍ਰੀਖਿਆ ਲਈ ਨੌਂਵੀਂ ਜਮਾਤ ਲਈ 448 ਅਤੇ ਜਮਾਤ ਗਿਆਰਵੀਂ ਲਈ 248 ਵਿਦਿਆਰਥੀਆਂ ਨੇ ਆਵੇਦਨ ਕੀਤਾ ਹੈ।
ਪ੍ਰਿੰਸੀਪਲ ਨਿਸ਼ੀ ਗੋਇਲ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਰੋਲ ਨੰਬਰ ਨਵੋਦਿਆ ਵਿਦਿਆਲਿਆ ਸੰਗਠਨ ਦੀ ਵੈੱਬਸਾਈਟ www.navodaya.gov.in ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਵਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 70189-70360 ਅਤੇ 89688-69425 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।