ਸ਼ਿਕਾਇਤਾਂ ਦਾ ਨਿਰਪੱਖ, ਪਾਰਦਰਸ਼ੀ, ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ: ਵਿਜੀਲੈਂਸ ਬਿਊਰੋ ਚੀਫ਼ ਵੱਲੋਂ ਮੁਲਾਜ਼ਮਾਂ ਨੂੰ ਨਿਰਦੇਸ਼

Politics Punjab


ਚੰਡੀਗੜ੍ਹ, 28 ਅਕਤੂਬਰ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦੇ ਉਦੇਸ਼ ਨਾਲ ਸ੍ਰੀ ਵਰਿੰਦਰ ਕੁਮਾਰ, ਵਿਸ਼ੇਸ਼ ਡੀ.ਜੀ.ਪੀ.-ਕਮ-ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਫ਼ੀਲਡ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਉਹਨਾਂ ਨੇ ਅੱਜ ਵਿਜੀਲੈਂਸ ਬਿਊਰੋ ਭਵਨ ਐਸ.ਏ.ਐਸ. ਨਗਰ ਵਿਖੇ ਸਲਾਨਾ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਪਹਿਲੇ ਦਿਨ ਸਹੁੰ ਚੁੱਕ ਸਮਾਗਮ ਉਪਰੰਤ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕੀਤਾ, ਜਿਸ ਦਾ ਉਦੇਸ਼ ਨਾਗਰਿਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਭ੍ਰਿਸ਼ਟ ਅਮਲਾਂ ਤੋਂ ਮੁਕਤ ਪ੍ਰਸ਼ਾਸਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।
ਅਧਿਕਾਰੀਆਂ ਨੂੰ ਸਾਰੀਆਂ ਸੱਤ ਰੇਂਜਾਂ ਵਿੱਚ ਵਿਆਪਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਰੇਂਜਾਂ ਦੇ ਸਾਰੇ ਐਸ.ਐਸ.ਪੀਜ਼. ਅਤੇ ਫ਼ੀਲਡ ਅਧਿਕਾਰੀਆਂ ਨੂੰ ਨਾਗਰਿਕਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਭ੍ਰਿਸ਼ਟਾਚਾਰ ਵਿਰੁੱਧ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ, ਇਮਾਨਦਾਰੀ ਅਤੇ ਅਖੰਡਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।”
ਵਿਜੀਲੈਂਸ ਬਿਊਰੋ ਮੁਖੀ ਨੇ ਉਨ੍ਹਾਂ ਦੱਸਿਆ ਕਿ ਇਸ ਸਾਲ ਵਿਜੀਲੈਂਸ ਜਾਗਰੂਕਤਾ ਹਫ਼ਤੇ ਦਾ ਉਦੇਸ਼ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸੋਚ ਅਨੁਸਾਰ ‘ਦੇਸ਼ ਦੀ ਖੁਸ਼ਹਾਲੀ ਲਈ ਇਮਾਨਦਾਰੀ ਵਾਲੇ ਸੱਭਿਆਚਾਰ’ ਦੀ ਸਿਰਜਣਾ ਹੈ।
ਭ੍ਰਿਸ਼ਟਾਚਾਰ ਪ੍ਰਤੀ ਆਪਣੀ ਜ਼ੀਰੋ-ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖਦਿਆਂ ਵਿਜੀਲੈਂਸ ਬਿਊਰੋ ਨੇ ਮਾਰਚ 2022 ਤੋਂ ਹੁਣ ਤੱਕ ਭ੍ਰਿਸ਼ਟਾਚਾਰ ਦੇ 673 ਕੇਸ ਦਰਜ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ ਕੁੱਲ 758 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਸੂਬੇ ਅਤੇ ਇਸਦੇ ਨਾਗਰਿਕਾਂ ਦੀ ਅਖੰਡਤਾ ਅਤੇ ਸਨਮਾਨ ਵਿਰੁੱਧ ਇੱਕ ਖ਼ਤਰਨਾਕ ਅਤੇ ਘਿਨਾਉਣਾ ਅਪਰਾਧ ਹੈ, ਭਾਵੇਂ ਇਹ ਭ੍ਰਿਸ਼ਟਾਚਾਰ ਸੇਵਾ ਪ੍ਰਦਾਨ ਕਰਨ ਵਾਲੇ ਜਾਂ ਲੈਣ ਵਾਲੇ ਨਾਗਰਿਕਾਂ ਦੁਆਰਾ ਕੀਤਾ ਗਿਆ ਹੋਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਭ੍ਰਿਸ਼ਟ ਕਾਰਜਾਂ ਅਤੇ ਦੁਰਵਿਵਹਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕਿਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ।
ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਇੱਕ ਨਾਗਰਿਕ ਪੱਖੀ ਸ਼ਿਕਾਇਤ ਪ੍ਰਣਾਲੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2022 ਵਿੱਚ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਟਸਐਪ ਨੰਬਰ 9501-200-200 ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਬਿਊਰੋ ਵੱਲੋਂ 189 ਐਫ਼.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ।
ਇਸ ਮੌਕੇ ਡੀ.ਆਈ.ਜੀ. ਵਿਜੀਲੈਂਸ ਬਿਊਰੋ ਹਰਜੀਤ ਸਿੰਘ ਅਤੇ ਜੁਆਇੰਟ ਡਾਇਰੈਕਟਰ ਸ੍ਰੀ ਕੰਵਲਜੀਤ ਸਿੰਘ ਅਤੇ ਅਰੁਣ ਸੈਣੀ ਵੀ ਮੌਜੂਦ ਸਨ।

Leave a Reply

Your email address will not be published. Required fields are marked *