ਲੜਕੇ-ਲੜਕੀ ਵਿੱਚ ਫਰਕ ਮਿਟਾਓ, ਧੀਆਂ ਦੀ ਲੋਹੜੀ ਹਰ ਸਾਲ ਮਨਾਓ : ਈ.ਟੀ.ਓ.

Amritsar

ਅੰਮ੍ਰਿਤਸਰ 12 ਜਨਵਰੀ 2024–

                    ਲੋਹੜੀ ਤਿਓਹਾਰ ਦੇ ਮੱਦੇ ਨਜ਼ਰ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ. ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵਜੰਮੀਆਂ ਬੱਚੀਆਂ ਨੂੰ ਚਾਈਲਡ ਕੇਅਰ ਕਿੱਟਾਂ ਦੀ ਵੰਡ ਕੀਤੀ। ਇਹ ਸਮਾਗਮ ਇਸਤਰੀ ਦੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤਾ ਗਿਆ ਸੀ।

ਮੰਤਰੀ ਈ.ਟੀ.ਓ. ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੜਕੇ ਲੜਕੀ ਦਾ ਭੇਦਭਾਵ ਨਹੀ ਕਰਨਾ ਚਾਹੀਦਾ ਸਗੋਂ ਧੀਆਂ ਦੀ ਲੋਹੜੀ ਹਰ ਸਾਲ ਮਨਾਉਣੀ ਚਾਹੀਦੀ  ਹੈ। ਉਹਨਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜਾ੍ਹਓ ਦਾ ਨਾਰਾ ਹੋਰ ਬੁਲੰਦ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਬੱਚੀਆਂ ਨੂੰ ਚੰਗੀ ਸਿਹਤ ਦੇ ਨਾਲ-ਨਾਲ ਚੰਗੀ ਸਿੱਖਿਆ ਦੇਣਾ ਹਰ ਮਾਂ-ਬਾਪ ਦਾ ਫਰਜ ਬਣਦਾ ਹੈ। ਉਨਾਂ ਦੱਸਿਆ ਕਿ ਲੜਕੀਆਂ ਹੀ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਅੱਜ ਸਾਨੂੰ ਮਹਿਲਾ ਸ਼ਸ਼ੱਕਤੀਕਰਨ ਦੀ ਲੋੜ ਹੈ। ਉਨਾਂ ਦੱਸਿਆ ਕਿ ਅੱਜ ਦਾ ਖੇਤਰ ਚਾਹੇ ਕੋਈ ਵੀ ਕਿਉਂ ਨਾ ਹੋਵੇ ਲੜਕੀਆਂ ਹਰ ਖੇਤਰ ਵਿੱਚ ਉਡਾਰੀ ਮਾਰ ਰਹੀਆਂ ਹਨ। ਉਨਾਂ ਕਿਹਾ ਕਿ ਅੱਜ ਲੜਕੀਆਂ ਡਾਕਟਰ, ਇੰਜੀਨੀਅਰ, ਪਾਇਲਟ ਵਰਗੇ ਅਹਿਮ ਅਹੁਦਿਆਂ ਦੇ ਵਿਰਾਜਮਾਨ ਹਨ। ਸ: ਈ.ਟੀ.ਓ. ਨੇ ਦੱਸਿਆ ਕਿ ਅੱਜ ਪੰਜਾਬ ਦੇ ਘੱਟ ਤੋਂ ਘੱਟ 6 ਜਿਲਿ੍ਹਆਂ ਵਿੱਚ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਵੀ ਲੜਕੀਆਂ ਲਗਾਤਾਰ ਬਾਜੀ ਮਾਰ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਰਹੀਆਂ ਹਨ। ਉਨਾਂ ਕਿਹਾ ਕਿ ਮਾਨਵਤਾ ਦੀ ਸ਼ੁਰੂਆਤ ਧੀਆਂ ਤੋਂ ਹੀ ਹੁੰਦੀ ਹੈ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਲੜਕੇ ਅਤੇ ਲੜਕੀ ਵਿੱਚ ਕੋਈ ਭੇਦਭਾਵ ਨਾ ਕਰੀਏ।

ਇਸ ਮੌਕੇ ਮੰਤਰੀ ਈ.ਟੀ.ਓ. ਵਲੋਂ 50 ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਚਾਇਲਡ ਕੇਅਰ ਕਿੱਟਾਂ ਦੀ ਵੰਡ ਕੀਤੀ ਅਤੇ ਦੱਸਿਆ ਕਿ ਜਿਲ੍ਹੇ ਵਿੱਚ 500 ਤੋਂ ਜਿਅਦਾ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਇਹ ਕਿੱਟਾਂ ਬਲਾਕ ਪੱਧਰ ਤੇ ਵੰਡੀਆਂ ਜਾਣਗੀਆਂ।  ਉਨਾਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੱਚੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।

ਇਸ ਮੋਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿਘ, ਜਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਦੀਪ ਕੌਰ, ਜਿਲਾ੍ਹ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ, ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ੍ਹ ਮਾਸ ਮੀਡੀਆਂ ਅਫਸਰ ਰਾਜ ਕੌਰ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਡਿਪਟੀ ਸੁਖਵਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।