ਚੋਣ ਤਿਆਰੀਆਂ ਤੇਜੀ ਨਾਲ ਜਾਰੀ, ਨਿਰਪੱਖ ਤੇ ਸਾਂਤਮਈ ਚੋਣਾਂ ਲਈ ਕੀਤੇ ਜਾ ਰਹੇ ਹਨ ਸਾਰੇ ਪ੍ਰਬੰਧ- ਜਿਲ਼੍ਹਾ ਚੋਣ ਅਫ਼ਸਰ

Fazilka

ਫਾਜ਼ਿਲਕਾ, 22 ਮਈ,2024

ਫਾਜ਼ਿਲਕਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਵਚਨਬੱਧ ਹੈ। ਇਹ ਗੱਲ ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਖੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਡਾ: ਪ੍ਰਗਿਆ ਜੈਨ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਹਾਜਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਜਿਲ਼੍ਹੇ ਵਿਚ 402527 ਪੁਰਸ਼, 361078 ਮਹਿਲਾ ਅਤੇ 18 ਟਰਾਂਸਜੈਂਡਰ ਵੋਟਰ ਹਨ ਤੇ ਕੁੱਲ ਵੋਟਰਾਂ ਦੀ ਗਿਣਤੀ 763623 ਹੈ। ਇੰਨ੍ਹਾਂ ਵੋਟਰਾਂ ਨੂੰ ਵੋਟਰ ਸਲਿੱਪ ਵੰਡਣ ਦੀ ਪ੍ਰਕਿਆ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਿਨ੍ਹਾਂ ਹੋਰ ਚੋਣ ਤਿਆਰੀਆਂ ਵਜੋਂ ਚੋਣ ਅਮਲੇ ਦੀ ਸਿਖਲਾਈ ਅਤੇ ਹੋਰ ਪ੍ਰਬੰਧ ਵੀ ਚੋਣ ਕਮਿਸ਼ਨ ਵੱਲੋਂ ਦਿੱਤੀ ਸਮਾਂ ਸਾਰਣੀ ਅਨੁਸਾਰ ਕੀਤੇ ਜਾ ਰਹੇ ਹਨ।

ਡਿਪਟੀ ਕਮਿਸਨਰ ਨੇ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਖਰਚੇ ਦੀ ਨਿਗਰਾਨੀ ਲਈ ਵੀ ਵੀਡੀਓਗ੍ਰਾਫੀ ਟੀਮਾਂ ਸਮੇਤ ਹੋਰ ਖਰਚਾ ਨਿਗਰਾਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਮੀਦਵਾਰਾਂ ਵੱਲੋਂ ਚੋਣ ਸਭਾਵਾਂ, ਰੋਡ ਸ਼ੋਅ, ਸ਼ੋਸਲ, ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਤੇ ਕੀਤੇ ਜਾ ਰਹੇ ਪ੍ਰਚਾਰ ਦੇ ਖਰਚੇ ਬੁੱਕ ਕੀਤੇ ਜਾ ਰਹੇ ਹਨ। ਮੁੱਲ ਦੀਆਂ ਖ਼ਬਰਾਂ ਦੇ ਖਰਚੇ ਵੀ ਬੁੱਕ ਕੀਤੇ ਜਾ ਰਹੇ ਹਨ।

ਇਸ ਤੋਂ ਬਿਨ੍ਹਾਂ ਚੌਣਾਂ ਦੇ ਮੱਦੇਨਜਰ ਨਸ਼ੇ, ਜਾਂ ਧਨ ਬਲ ਦੀ ਵਰਤੋਂ ਨੂੰ ਰੋਕਣ ਲਈ ਵੀ ਚੋਣ ਕਮਿਸ਼ਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 12-12 ਐਫਐਸਟੀ ਅਤੇ ਐਸਐਸਟੀ ਟੀਮਾਂ 24 ਘੰਟੇ ਕਾਰਜਸ਼ੀਲ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਕਿਸੇ ਉਮੀਦਵਾਰ ਜਾਂ ਉਸਦੇ ਸਮਰੱਥਕ ਵੱਲੋਂ ਮੁਫ਼ਤ ਦੀਆਂ ਵਸਤਾਂ ਦੇ ਲਾਲਚ ਦੇਣ ਜਾਂ ਨਸ਼ੇ ਵੰਡਣ ਦੀ ਕੋਈ ਸੂਚਨਾ ਹੋਵੇ ਤਾਂ ਲੋਕ ਸੀ ਵਿਜਲ ਐਪ ਰਾਹੀਂ ਇਸਦੀ ਸੂਚਨਾ ਦੇ ਸਕਦੇ ਹਨ। 100 ਮਿੰਟ ਦੇ ਅੰਦਰ ਅੰਦਰ ਐਫਐਸਟੀ ਟੀਮ ਰਾਹੀਂ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੋਣਾਂ ਦੇ ਮੱਦੇਨਜਰ ਸੁਰੱਖਿਆ ਦੇ ਸ਼ਖਤ ਪ੍ਰਬੰਧ ਕੀਤੇ ਗਏ ਹਨ ਅਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਚੋਣਾਂ ਪੂਰੀ ਤਰਾਂ ਸਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ।