ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ 4 ਹਲਕਿਆਂ ਲਈ ਜ਼ਿਮਨੀ ਚੋਣ ਦੀ ਤਾਰੀਖ ਬਦਲੀ: ਸਿਬਿਨ ਸੀ

Politics Punjab

ਚੰਡੀਗੜ੍ਹ, 4 ਨਵੰਬਰ:

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੇ 4 ਹਲਕਿਆਂ 10-ਡੇਰਾ ਬਾਬਾ ਨਾਨਕ, 44-ਚੱਬੇਵਾਲ (ਐਸ.ਸੀ.) 84- ਗਿੱਦੜਬਾਹਾ ਅਤੇ 103- ਬਰਨਾਲਾ ਲਈ ਜ਼ਿਮਨੀ ਚੋਣਾਂ ਦੀ ਮਿਤੀ 13 ਨਵੰਬਰ, 2024 (ਬੁੱਧਵਾਰ) ਤੋਂ ਬਦਲ ਕੇ 20 ਨਵੰਬਰ, 2024 (ਬੁੱਧਵਾਰ) ਕਰ ਦਿੱਤੀ ਹੈ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ 13 ਨਵੰਬਰ, 2024 ਨੂੰ ਵੱਡੇ ਪੱਧਰ ’ਤੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਰੁਝੇਵਿਆਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਸੁਵਿਧਾ ਹੋਣ ਦੀ ਸੰਭਾਵਨਾ ਹੈ ਅਤੇ ਲੌਜਿਸਟਿਕ ਸਬੰਧੀ ਵੱਖ-ਵੱਖ ਮਸਲੇ ਵੀ ਹੋ ਸਕਦੇ ਹਨ, ਜਿਸ ਨਾਲ ਚੋਣਾਂ ਦੌਰਾਨ ਵੋਟਰਾਂ ਦੀ ਸ਼ਮੂਲੀਅਤ ਘੱਟ ਸਕਦੀ ਹੈ।  ਇਸ ਲਈ ਕਮਿਸ਼ਨ ਨੇ ਇਨ੍ਹਾਂ ਕਾਰਨਾਂ ਅਤੇ ਸੰਭਾਵਨਾਵਾਂ ਨੂੰ ਵਿਚਾਰਦਿਆਂ ਜ਼ਿਮਨੀ ਚੋਣ ਦੀ ਤਾਰੀਖ 13.11.2024 (ਬੁੱਧਵਾਰ) ਤੋਂ ਬਦਲ ਕੇ 20.11.2024 (ਬੁੱਧਵਾਰ) ਕਰਨ ਦਾ ਫੈਸਲਾ ਕੀਤਾ ਹੈ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਪਰੋਕਤ ਚੋਣਾਂ ਦੇ ਸਬੰਧ ਵਿੱਚ ਵੋਟਾਂ ਦੀ ਗਿਣਤੀ ਕਰਨ ਦੀ ਮਿਤੀ 23.11.2024 (ਸ਼ਨੀਵਾਰ) ਅਤੇ ਚੋਣ ਮੁਕੰਮਲ ਹੋਣ ਦੀ ਮਿਤੀ 25.11.2024 (ਸੋਮਵਾਰ) ਹੈ।

Leave a Reply

Your email address will not be published. Required fields are marked *