ਪੰਚਾਇਤੀ  ਚੋਣਾਂ ਸਬੰਧੀ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ- ਜ਼ਿਲ੍ਹਾ ਮੈਜਿਸਟ੍ਰੇਟ

Faridkot Punjab

ਫ਼ਰੀਦਕੋਟ 13 ਅਕਤੂਬਰ 2024……

           ਪੰਜਾਬ ਰਾਜ ਵਿਚ ਗ੍ਰਾਮ ਪੰਚਾਇਤ ਚੋਣਾਂ-2024 ਮਿਤੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਪੰਜਾਬ ਸਟੇਟ ਇਲੈਕਸ਼ਨ ਐਕਟ-1994  ਪੰਜਾਬ ਪੰਚਾਇਤ ਇਲੈਕਸ਼ਨ ਰੂਲਜ 1994 ਚੋਣਾਂ ਸਬੰਧੀ ਚੋਣ ਪ੍ਰਚਾਰ ਮਿਤੀ 13.10.2024 ਨੂੰ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ। 

ਚੋਣਾਂ ਨੂੰ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਕਰਵਾਉਣ ਲਈ ਬਾਹਰੋਂ ਆਏ ਵਿਅਕਤੀ ਚੋਣ ਪ੍ਰਕਿਰਿਆ ਵਿਚ ਵਿਘਨ ਨਾ ਪਾਉਣ ਲਈ ਢੁੱਕਵੇਂ ਕਦਮ ਚੁੱਕਣੇ ਜ਼ਰੂਰੀ ਹਨ। ਇਸ ਲਈ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਅਤੇ ਹਲਕੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਉਸ ਹਲਕੇ ਵਿੱਚ ਨਹੀਂ ਹੋਣੀ ਚਾਹੀਦੀ। ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਮਾਹੌਲ ਨੂੰ ਖਰਾਬ ਕਰ ਸਕਦੀ ਹੈ।

            ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐੱਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਗ੍ਰਾਮ ਪੰਚਾਇਤ ਚੋਣਾਂ-2024 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਜ਼ਿਲ੍ਹੇ ਤੋਂ ਬਾਹਰੋਂ ਆਏ, ਜਿਲ੍ਹੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਮਿਤੀ 13.10.2024 ਨੂੰ ਸ਼ਾਮ 06:00 ਵਜੇ ਤੋਂ ਪਹਿਲਾਂ-ਪਹਿਲਾਂ ਵਾਪਸ ਚਲੇ ਜਾਣ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਹੁਕਮ ਮਿਤੀ 16.10.2024 ਤੱਕ ਲਾਗੂ ਰਹੇਗਾ।