21 ਫਰਵਰੀ ਤੱਕ ਪੀ ਐਮ ਕਿਸਾਨ ਸਕੀਮ ਤਹਿਤ 16ਵੀਂ ਕਿਸ਼ਤ ਲੈਣ ਲਈ ਈ ਕੇ ਵਾਈ ਸੀ ਕਰਵਾ ਲਈ ਜਾਵੇ : ਡਾ ਅਮਰੀਕ ਸਿੰਘ

Faridkot

ਫਰੀਦਕੋਟ 20 ਫਰਵਰੀ 2024 

 ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ 2000/- ਦੀ 16ਵੀਂ ਕਿਸ਼ਤ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਣ ਦੀ ਸੰਭਾਵਨਾ ਹੈ, ਇਸ ਲਈ ਜਿਨ੍ਹਾਂ ਕਿਸਾਨ ਲਾਭਪਾਤਰੀਆਂ ਦੀ ਈ ਕੇ ਵਾਈ ਸੀ ਕਰਵਾਉਣੀ ਬਕਾਇਆ ਹੈ, ਉਹ ਜਲਦ ਤੋੰ ਜਲਦ ਆਪਣੇ ਨਜ਼ਦੀਕੀ ਕਾਮਨ ਸਰਵਿਸ ਕੇਂਦਰ ਵਿੱਚ ਜਾ ਕੇ ਮੁਕੰਮਲ ਕਰਵਾ ਲੈਣ ਤਾਂ ਜੋ 16 ਵੀਂ ਕਿਸ਼ਤ ਦੇ ਨਾਲ ਨਾਲ ਬਕਾਇਆ ਕਿਸ਼ਤਾਂ ਵੀ ਮਿਲ ਸਕਣ l ਇਹ ਜਾਣਕਾਰੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦਿੱਤੀ।

ਉਨ੍ਹਾਂ  ਦੱਸਿਆ ਕਿ ਇਹ ਯੋਜਨਾ ਭਾਰਤ ਸਰਕਾਰ ਵੱਲੋ 19 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ  ਅਤੇ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਬਾਅਦ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਕੁੱਲ ਛੇ ਹਜ਼ਾਰ ਰੁਪਏ  ਦੀ ਰਕਮ  ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ l ਉਨ੍ਹਾਂ ਦੱਸਿਆ ਕਿ ਈ ਕੇ ਵਾਈ ਸੀ ਮੁਕੰਮਲ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਿਤੀ 21ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਕਾਮਨ ਸਰਵਿਸ ਕੇਂਦਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕਿਸਾਨਾਂ ਨੂੰ ਈ ਕੇ ਵਾਈ ਸੀ ਮੁਕੰਮਲ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ l ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਇਸ ਸਕੀਮ ਦਾ ਲਾਭ ਲੈਣ ਲਈ ਈ ਕੇ ਵਾਈ ਸੀ ਮਤਲਬ “ਇਲੈਕਟ੍ਰਾਨਿਕ ਮਾਧਿਅਮ ਰਹੀ ਖਪਤਕਾਰ ਨੂੰ ਜਾਨਣਾ” ਕਰਵਾਉਣੀ ਜ਼ਰੂਰੀ ਕਰ ਦਿੱਤੀ ਹੈ l ਜੇਕਰ ਕਿਸਾਨ ਈ-ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ । ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਦੇ 43696 ਕਿਸਾਨ ਇਸ ਯੋਜਨਾ ਲਈ ਯੋਗ ਹਨ ਅਤੇ 27820 ਕਿਸਾਨਾਂ ਦੀ ਈ-ਕੇਵਾਈਸੀ ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ 15876 ਕਿਸਾਨਾਂ ਦੀ ਈ-ਕੇਵਾਈਸੀ ਦੀ ਪ੍ਰਕਿਰਿਆ ਬਕਾਇਆ ਰਹਿੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਾਕੀ ਰਹਿੰਦੇ ਕਿਸਾਨ 21ਫਰਵਰੀ ਤੋਂ ਪਹਿਲਾਂ ਪਿੰਡ ਵਿੱਚ ਮੌਜੂਦ ਸੀਐਚਸੀ (ਸਾਂਝਾ ਸੇਵਾ ਕੇਂਦਰ )ਕੇਂਦਰ ਜਾਂ ਮੋਬਾਈਲ ਰਾਹੀਂ ਜਾਂ ਪ੍ਰਧਾਨ ਮੰਤਰੀ ਕਿਸਾਨ ਐਪ ਰਾਹੀਂ ਆਪਣੀ ਈ-ਕੇਵਾਈਸੀ ਕਰਵਾ ਸਕਦੇ ਹਨ।  ਇਸ ਤੋਂ ਇਲਾਵਾ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਦੇ ਖੇਤੀਬਾੜੀ ਅਧਿਕਾਰੀ /ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਈ-ਕੇਵਾਈਸੀ ਕਰਵਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਚਾਹੀਦਾ ਹੈ ਕਿ ਮ੍ਰਿਤਕ ਲਾਭਪਾਤਰੀ ਦਾ ਮੌਤ ਸਰਟੀਫਿਕੇਟ ਅਤੇ ਬਿਨੈਪਤਰ ਨਜ਼ਦੀਕੀ ਖੇਤੀਬਾੜੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਮ੍ਰਿਤਕ ਲਾਭਪਾਤਰੀ ਦੇ ਨਾਮ ਸੂਚੀ ਵਿੱਚੋਂ ਕੱਟੇ ਜਾ ਸਕਣ l 

ਇਸ ਮੌਕੇ  ਡਾ. ਕੁਲਵੰਤ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ, ਡਾ. ਅਮਨ ਕੈਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਉਂਕਾਰ ਸਿੰਘ ਅਤੇ ਕਿਸਾਨ ਵੀ ਹਾਜ਼ਰ ਸਨ l