ਮਾਨਸਾ, 11 ਫਰਵਰੀ :
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਮਾਨਸਾ ਸ਼੍ਰੀ ਮੇਵਾ ਸਿੰਘ ਸਿੱਧੂ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰ ਮੰਡੇਰ ਦੇ ਵਿਦਿਆਰਥੀਆਂ ਨੂੰ ਉੱਚ ਵਿੱਦਿਅਕ ਸੰਸਥਾਵਾਂ ਦੀ ਯਾਤਰਾ ਕਰਵਾਉਣ ਲਈ ਜਮਾਤ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦੀ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰ ਟੈਕਨੋਲੋਜੀ ਲੋਂਗੋਵਾਲ ਵਿਖੇ ਵਿੱਦਿਅਕ ਯਾਤਰਾ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾਵਾਂ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਇਹ ਯਾਤਰਾਵਾਂ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉਥੇ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਵੀ ਸਹਾਈ ਹੁੰਦੀਆਂ ਹਨ।
ਸਕੂਲ ਮੁਖੀ ਸ਼੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਯਾਤਰਾ ਕਰਵਾਈ ਗਈ ਹੈ। ਕਾਲਜ ਵਿਖੇ ਵਿਦਿਆਰਥੀਆਂ ਨੇ ਰੋਬੋਟਿਕ ਲੈਬ ’ਤੇ ਲਾਈਵ ਵਰਕ ਦੇਖਿਆ ਅਤੇ ਇਸ ਦੇ ਨਾਲ-ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਬਾਰੇ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਨਾਲ ਜਾਣਕਾਰੀ ਹਾਸਿਲ ਕੀਤੀ। ਵਿਦਿਆਰਥੀਆਂ ਨੂੰ ਕਾਲਜ ਦੀ ਕੰਪਿਊਟਰ ਲੈਬ, ਸਪੋਰਟਸ ਲੈਬ ਅਤੇ ਸਾਇੰਸ ਲੈਬਜ ਆਦਿ ਦਿਖਾਈਆਂ ਗਈਆਂ। ਇਸ ਤੋਂ ਇਲਾਵਾ ਕਾਲਜ ਦੇ ਆਡੀਟੋਰੀਅਮ, ਵੱਖ-ਵੱਖ ਖੇਡਾਂ ਨਾਲ ਸਬੰਧਤ ਸਟੇਡੀਅਮ ਅਤੇ ਕਾਲਜ ਦਾ ਪ੍ਰਬੰਧਕੀ ਬਲਾਕ ਦਿਖਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਵਿੱਦਿਅਕ ਯਾਤਰਾ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਜਮਾਤ ਤੋਂ ਬਾਅਦ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਸਬੰਧੀ ਜਾਣਕਾਰੀ ਦੇਣਾ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਸਾਰੇ ਹੀ ਵਿਦਿਆਰਥੀਆਂ ਨੂੰ ਆਪਣੀ ਆਪਣੀ ਦਿਲਚਸਪੀ ਮੁਤਾਬਕ ਵਿਸ਼ਿਆਂ ਨੂੰ ਚੁਣਨ ਦੀ ਖੁੱਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿੱਦਿਅਕ ਯਾਤਰਾਵਾਂ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਣਗੀਆਂ। ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਲੋਂਗੋਵਾਲ ਦੇ ਗਾਈਡ ਸਟਾਫ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਾਲਜ ਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ।
ਸੰਸਥਾ ਦੇ ਅਧਿਆਪਕਾਂ ਵੱਲੋਂ ਇਸ ਕਾਲਜ ਵਿੱਚ ਜਮਾਤ ਦਸਵੀਂ ਤੋਂ ਬਾਅਦ ਚੱਲ ਰਹੇ ਸਾਰੇ ਕੋਰਸਾਂ ਬਾਰੇ ਅਤੇ ਜਮਾਤ ਬਾਰ੍ਹਵੀਂ ਤੋਂ ਬਾਅਦ ਦੇ ਸਾਰੇ ਕੋਰਸਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਤੋਂ ਬਾਅਦ ਦਾਖਲਾ ਲੈਣ ਦੀਆਂ ਸ਼ਰਤਾਂ ਕੀ ਹਨ ਅਤੇ ਇਸੇ ਤਰ੍ਹਾਂ ਜਮਾਤ ਬਾਰਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਦੇ ਪ੍ਰੋਸੈਸ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਸੰਸਥਾ ਵਿੱਚ ਦਾਖਲਾ ਲੈਣ ਲਈ ਆਪਣੀ ਦਿਲਚਸਪੀ ਪ੍ਰਗਟ ਕੀਤੀ।
ਇਸ ਵਿਦਿਅਕ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸ਼੍ਰੀਮਤੀ ਪੂਨਮ, ਸ਼੍ਰੀਮਤੀ ਤਰਨਜੀਤ ਕੌਰ ਅਤੇ ਸ਼੍ਰੀ ਪਪਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।