ਅਧਿਆਪਕਾਂ ਨਾਲ ਸੰਵਾਦ”ਪ੍ਰੋਗਰਾਮ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਫਾਜ਼ਿਲਕਾ ਦੇ ਅਧਿਆਪਕਾਂ ਨਾਲ ਕੀਤੀ ਗੱਲਬਾਤ

Fazilka Politics Punjab

ਫਾਜ਼ਿਲਕਾ, 6 ਦਸੰਬਰ
ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਿੱਚ ਮਿਆਰੀ ਅਤੇ ਗੁਣਾਤਮਕ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਤੋਂ ਫੀਡਬੈਕ ਲੈਣ ਲਈ ਨਵੇਕਲੀ ਪਹਿਲਕਦਮੀ ਤਹਿਤ ਸਕੂਲ ਅਤੇ ਉਚੇਰੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ “ਅਧਿਆਪਕਾਂ ਨਾਲ ਸੰਵਾਦ”ਪ੍ਰੋਗਰਾਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
 ਇਸ ਮੌਕੇ ਸਿੱਖਿਆ ਮੰਤਰੀ ਸ: ਬੈਂਸ ਨੇ ਦੱਸਿਆ ਕਿ ਇਸ ਕਦਮ ਦਾ ਉਦੇਸ਼ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਬੀਪੀਈਓਜ਼, ਸੈਂਟਰ ਹੈੱਡ ਟੀਚਰਾਂ, ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਫ਼ਸਰਾਂ ਅਤੇ ਸਕੂਲ ਕੈਂਪਸ ਪ੍ਰਬੰਧਕਾਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਜਾਂ ਬਦਲਾਅ ਲਈ, ਚੱਲ ਰਹੇ ਸੁਧਾਰਾਂ ਅਤੇ ਪ੍ਰੋਗਰਾਮਾਂ ਬਾਰੇ ਫੀਡਬੈਕ ਪ੍ਰਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਅਤੇ ਸਕੂਲ ਆਫ਼ ਬ੍ਰਿਲੀਐਂਸ ਦੇ ਸੰਕਲਪ ਦੀ ਸ਼ੁਰੂਆਤ ਕਰਕੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਉਪਰਾਲੇ ਆਰੰਭ ਕੀਤੇ ਹਨ।
ਫਾਜਿਲ਼ਕਾ ਨੂੰ ਅਧਿਆਪਕਾਂ ਦੀ ਰਾਜਧਾਨੀ ਦੱਸਿਆ ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਨੁਸਾਰ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ਕਰਨ ਲਈ ਅਗਵਾਈ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਕਰਨ ਲਈ ਸਿੰਘਾਪੁਰ, ਆਈਆਈਐਮ ਅਹਿਮਦਾਬਾਦ ਅਤੇ ਹੁਣ ਫਿਨਲੈਂਡ ਤੋਂ ਸਿਖਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਅਤੇ ਸਿਹਤ ਲੋਕ ਮੁੱਦੇ ਵਜੋਂ ਉਭਰੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 1000 ਸਕੂਲਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਅਧਿਆਪਕ ਆਪਣੇ ਕੰਮ ਨੂੰ ਸਮਰਪਿਤ ਪਾਏ ਗਏ ਹਨ। ਆਧਿਆਪਕਾਂ ਤੋਂ ਮਿਲੇ ਸੁਝਾਵਾਂ ਅਨੁਸਾਰ ਵਿਭਾਗ ਨੂੰ ਹੋਰ ਬਿਹਤਰ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਹੋਰ ਅਪਗ੍ਰੇਡੇਸ਼ਨ ਲਈ ਕੁੱਲ 20,000 ਸਕੂਲਾਂ ਦਾ ਸਰਵੇ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਗਭਗ 8000 ਸਕੂਲਾਂ ਨੂੰ 1400 ਕਿਲੋਮੀਟਰ ਚਾਰ ਦੀਵਾਰੀ ਮਿਲ ਚੁੱਕੀ ਹੈ ਜਦਕਿ 10,000 ਕਲਾਸਰੂਮਾਂ ਦੀ ਉਸਾਰੀ/ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਕੀਤਾ ਗਿਆ ਹੈ। ਇਸੇ ਤਰਾਂ 90 ਫੀਸਦੀ ਤੋਂ ਵੱਧ ਸਕੂਲਾਂ ਵਿਚ ਵਾਈਫਾਈ ਦੀ ਸਹੁਲਤ ਦਿੱਤੀ ਗਈ ਹੈ।  
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਇਲਾਕੇ ਵਿਚ 72 ਕਰੋੜ 81 ਲੱਖ ਰੁਪਏ ਸਿੱਖਿਆ ਤੇ ਖਰਚ ਕੀਤੇ ਹਨ ਜਦ ਕਿ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਹਲਕਾ ਬੱਲੂਆਣਾ ਵਿਚ 100 ਕਰੋੜ ਰੁਪਏ ਸਕੂਲਾਂ ਲਈ ਜਾਰੀ ਹੋਏ ਹਨ।
ਇਸ ਮੌਕੇ ਐਮੀਨੈਂਸ ਸਕੂਲ ਰਾਮਸਰਾ ਦੀ ਪ੍ਰਿੰਸੀਪਲ ਨਵਜੋਤ ਖਹਿਰਾ ਨੇ ਸਿੰਘਾਪੁਰ ਤੋਂ ਟ੍ਰੇਨਿੰਗ ਦਾ ਜਿਕਰ ਕਰਦਿਆਂ ਕਿਹਾ ਕਿ ਉਥੋਂ ਮਿਲੀ ਸਿਖਲਾਈ ਨੂੰ ਸਕੂਲਾਂ ਵਿਚ ਲਾਗੂ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਸਕੂਲ ਐਮੀਨੈਂਸ ਪ੍ਰਤੀ ਮਾਪਿਆਂ ਤੇ ਵਿਦਿਆਰਥੀਆਂ ਵਿਚ ਕਿੰਨਾਂ ਉਤਸਾਹ ਹੈ ਇਸਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਉਨ੍ਹਾਂ ਦੇ ਸਕੂਲ ਵਿਚ 9ਵੀਂ  ਜਮਾਤ ਵਿਚ ਦਾਖਲੇ ਲਈ 2000 ਅਤੇ 11ਵੀਂ ਜਮਾਨ ਵਿਚ ਦਾਖਲੇ ਲਈ 3000 ਤੋਂ ਵੱਧ ਅਰਜੀਆਂ ਆਈਆਂ ਸੀ। ਜਸਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਗਿੱਦੜਾਂਵਾਲੀ ਨੇ ਜੇਈਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਦੀ ਸਿਖਲਾਈ ਲਈ ਕੀਤੇ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਸੈਸ਼ਨ ਵਿਚ ਜ਼ਿਲ੍ਹੇ ਸਰਕਾਰੀ ਸਕੂਲਾਂ ਦੇ 46 ਬੱਚਿਆਂ ਨੇ ਜੇਈਈ ਮੇਨ ਅਤੇ 17 ਨੇ ਨੀਟ ਪ੍ਰੀਖਿਆ ਕੁਆਲੀਫਾਈ ਕੀਤੀ ਸੀ। ਬਜੀਦਪੁਰ ਦੇ ਪ੍ਰਿੰਸੀਪਲ ਨੇ ਰਣਬੀਰ ਸਿੰਘ ਨੇ ਸਕੂਲ ਨੂੰ ਸਵਾ ਕਰੋੜ ਰੁਪਏ ਦੀ ਗ੍ਰਾਂਟ ਦੇਣ ਲਈ ਧੰਨਵਾਦ ਕੀਤਾ। ਨੁਕੇਰੀਆਂ ਸਕੂਲ ਦੇ ਪ੍ਰਿੰਸੀਪਲ ਹੰਸ ਰਾਜ ਨੇ ਵਿਦਿਅਕ ਕੈਲੇਂਡਰ ਅਤੇ ਵਰਦੀਆਂ ਦੀ ਗੱਲ ਰੱਖੀ। ਸਰਕਾਰੀ ਕੰਨਿਆਂ ਸਕੂਲ ਅਬੋਹਰ ਦੀ ਪ੍ਰਿੰਸੀਪਲ ਸੁਨੀਤਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਟਰਾਂਸਪੋਰਟ ਦੀ ਸਹੁਲਤ ਮਿਲਣ ਨਾਲ ਵਿਦਿਆਰਥਣਾਂ ਨੂੰ ਸੌਖ ਹੋਈ ਹੈ। ਰਾਜਿੰਦਰ ਵਿਖੋਣਾ ਪ੍ਰਿੰਸੀਪਲ ਲਾਧੂਕਾ ਸਕੂਲ ਨੇ ਕਿਹਾ ਕਿ ਮੈਗਾ ਪੀਟੀਐਮ ਨਾਲ ਮਾਪਿਆਂ ਨਾਲ ਸਾਡਾ ਸੰਵਾਦ ਮਜਬੂਤ ਹੋਇਆ ਹੈ ਅਤੇ ਬੱਚਿਆ ਦੀ ਪੜਾਈ ਅਤੇ ਸਕੂਲਾਂ ਦੇ ਵਿਕਾਸ ਵਿਚ ਉਨ੍ਹਾਂ ਦੀ ਭੁਮਿਕਾ ਸਾਰਥਿਕ ਤੌਰ ਤੇ ਵਧੀ ਹੈ। ਹਸਤਾਂਕਲਾਂ ਦੇ ਪ੍ਰਿੰਸੀਪਲ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪਿੱਛਲੇ ਸਾਲ ਹੜ੍ਹ ਕਾਰਨ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ ਪਰ ਸਰਕਾਰ ਨੇ ਤੁਰੰਤ ਰਿਪੇਅਰ ਲਈ ਗ੍ਰਾਂਟ ਜਾਰੀ ਕਰ ਦਿੱਤੀ ਜਿਸ ਨਾਲ ਸਕੂਲ ਨੂੰ ਮੁੜ ਪੁਰਾਣੇ ਰੂਪ ਵਿਚ ਲਿਆ ਕੇ ਸ਼ੁਰੂ ਕੀਤਾ ਗਿਆ। ਹਿੰਮਤਪੁਰਾ ਦੇ ਕਲਸਟਰ ਹੈਡ ਅਭੀਜੀਤ ਨੇ ਕਿਹਾ ਕਿ ਸਰਹੱਦੀ ਪਿੰਡਾਂ ਵਿਚ ਬੀਐਸਐਨਐਲ ਰਾਹੀਂ ਕੁਨੈਕਟੀਵਿਟੀ ਮਿਲਣ ਨਾਲ ਹੁਣ ਸਕੂਲਾਂ ਦਾ ਪ੍ਰਬੰਧਨ ਅਸਾਨ ਹੋ ਗਿਆ ਹੈ। ਅਧਿਆਪਕ ਰਾਕੇਸ਼ ਕੰਬੋਜ ਨੇ ਫੀਨਲੈਂਡ ਤੋਂ ਹੋਈ ਸਿਖਲਾਈ ਦੇ ਵੇਰਵੇ ਦੱਸਦਿਆਂ ਕਿਹਾ ਕਿ ਇਸ ਲਈ ਅਧਿਆਪਕਾਂ ਦੀ ਚੋਣ ਦਾ ਤਰੀਕਾ ਬਹੁਤ ਪਾਰਦਰਸ਼ੀ ਰਿਹਾ ਹੈ। ਡਿਪਟੀ ਡੀਈਓ ਪੰਕਜ ਅੰਗੀ ਨੇ ਤਰੱਕੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ 96 ਅਧਿਆਪਕ ਲੈਕਚਰਾਰ ਵਜੋਂ ਪਦਉਨੱਤ ਹੋਏ ਹਨ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਸਿੱਖਿਆ ਅਫ਼ਸਰ ਬ੍ਰਿਜ ਮੋਹਨ ਸਿੰਘ ਬੇਦੀ ਤੇ ਸਤੀਸ਼ ਕੁਮਾਰ, ਡਿਪਟੀ ਡੀਈਓ ਪਰਮਿੰਦਰ ਸਿੰਘ ਤੇ ਪੰਕਰ ਅੰਗੀ, ਸਤਿੰਦਰ ਬੱਤਰਾ, ਲਵਜੀਤ ਗ੍ਰੇਵਾਲ ਤੇ ਹੋਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਸਕੂਲਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵੀ ਵੇਖੀਆਂ।