ਕੰਨਾਂ ਦੀ ਦੇਖਭਾਲ ਸਾਰਿਆਂ ਲਈ ਜਰੂਰੀ, ਕੰਨ ਸਵੱਸਥ ਤਾਂ ਮਨ ਸਵੱਸਥ : ਡਾ ਬੰਦਨਾ ਬਾਂਸਲ ਡੀ.ਐਮ.ਸੀ.

Sri Muktsar Sahib

ਸ੍ਰੀ ਮੁਕਤਸਰ ਸਾਹਿਬ, 4 ਮਾਰਚ

      ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਸਬੰਧੀ ਸਮਾਗਮ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਡਾ. ਬੰਦਨਾ ਬਾਂਸਲ ਡੀ.ਐਮ.ਸੀ. ਨੇ ਕਿਹਾ ਕਿ ਹਰੇਕ ਸਾਲ 3 ਮਾਰਚ ਨੂੰ ਵਿਸ਼ਵ ਭਰ ਵਿੱਚ ਸੁਣਨ ਸ਼ਕਤੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਕੰਨਾਂ ਦੀ ਬਿਮਾਰੀਆਂ ਪ੍ਰਤੀ ਅਤੇ ਇਨ੍ਹ਼ਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ, ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਬਿਮਾਰੀਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਉਹਨਾਂ ਦਾ ਇਲਾਜ ਕਰਵਾ ਕੇ ਬੋਲੇਪਣ ਤੋਂ ਬਚਿਆ ਜਾ ਸਕੇ।

ਉਹਨਾਂ ਕਿਹਾ ਕਿ ਸਾਨੂੰ ਸਰੀਰ ਦੇ ਬਾਕੀ ਅੰਗਾਂ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਕੰਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਕੰਨਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕੰਨ ਡੁਲਦੇ ਹੋਣ, ਸੁਣਾਈ ਘੱਟ ਦੇ ਰਿਹਾ ਹੋਵੇ, ਜਮਾਂਦਰੂ ਬੋਲਾਪਣ, ਕੰਨਾਂ ਵਿੱਚ ਸ਼ਾਂ-ਸ਼ਾਂ ਦੀ ਆਵਾਜ਼ ਆਉਣ ਅਤੇ ਚੱਕਰ ਆਉਣ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਵਲੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਗਈ ਕੋਈ ਵੀ  ਦਵਾਈ ਨਵਜੰਮੇ ਬੱਚੇ ਵਿੱਚ ਸੁਨਣ ਦੀਆਂ ਕਮੀਆਂ ਦਾ ਕਾਰਣ ਬਣ ਸਕਦੀ ਹੈ। ਗਰਭ ਦੌਰਾਨ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੇਣੀ ਚਾਹੀਦੀ ਹੈ। ਬੱਚਿਆਂ ਨੂੰ ਸੂਚੀ ਅਨੁਸਾਰ ਪੂਰਾ ਟੀਕਾਕਰਣ ਕਰਵਾਓ, ਕਿਉਂਕਿ ਗਲਸੂਆ ਜਾਂ ਕਨਫੋੜਾ ਅਤੇ ਖਸਰਾ ਵਰਗੀਆਂ ਬਿਮਾਰੀਆਂ ਬੋਲਾਪਣ ਦਾ ਕਾਰਨ ਬਣ ਸਕਦੀਆਂ ਹਨ।

ਇਸ ਮੌਕੇ ਡਾ. ਰਾਹੁਲ ਜਿੰਦਲ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪ੍ਰਹੇਜ਼ ਕਰੋ। ਜੇਕਰ ਸਕੂਲ ਵਿੱਚ ਪੜ੍ਹ ਰਿਹਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰੋ। ਘੱਟ ਸੁਨਣ ਸ਼ਕਤੀ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸ਼ਾਹਿਤ ਕਰੋ। ਇਹ ਮਨੋਵਿਗਿਆਨਿਕ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕੋ ਅਤੇ ਆਪਣੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜਾਂ ਜਿਵੇ ਕਿ ਮਾਚਿਸ ਦੀ ਤੀਲੀ ਜਾਂ ਕੰਨ ਸਾਫ਼ ਕਰਨ ਵਾਲੇ ਬੱਡਸ ਨਾ ਮਾਰੋ। ਆਪਣੇ ਕੰਨਾਂ ਨੂੰ ਟੀਵੀ, ਰੇਡੀਓ, ਈਅਰਫੋਨ, ਪਟਾਕੇ ਅਤੇ ਉੱਚੀ ਆਵਾਜ਼ ਤੋਂ ਬਚਾਓ।

 ਉਹਨਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਕੰਨਾਂ ਦਾ ਚੈਕ ਅੱਪ ਮਾਹਿਰ ਡਾਕਟਰ ਤੋਂ ਜਰੂਰ ਕਰਵਾਓ। ਇਸ ਮੋਕੇ ਡਾ ਗੁਰਮੀਤ ਕੌਰ ਭੰਡਾਰੀ ਮੈਡੀਕਲ ਅਫਸਰ, ਡਾ. ਆਲਮਜੀਤ ਸਿੰਘ, ਸਿਵਲ ਹਸਪਤਾਲ ਦਾ ਸਟਾਫ ਅਤੇ ਆਮ ਲੋਕ ਹਾਜ਼ਰ ਸਨ।