ਐਸ.ਏ.ਐਸ.ਨਗਰ, 3 ਜੂਨ, 2024:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਲੋਕ ਸਭਾ ਚੋਣਾਂ-2024 ਦੀ ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਅੱਜ ਕਾਊਂਟਿੰਗ ਸਟਾਫ਼ ਨੂੰ ਹਲਕਿਆਂ ਦੀ ਵੰਡ ਕਰਨ ਲਈ ਕਾਊਂਟਿੰਗ ਟੀਮਾਂ ਦੀ ਦੂਜੀ ਰੈਂਡਮਾਈਜ਼ੇਸ਼ਨ ਈਸੀਆਈ ਦੁਆਰਾ ਤਾਇਨਾਤ ਕਾਉਂਟਿੰਗ ਅਬਜ਼ਰਵਰ ਮੁਹੰਮਦ ਅਵੇਸ਼ ਦੀ ਮੌਜੂਦਗੀ ਵਿੱਚ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਹਰੇਕ ਹਲਕੇ ਨੂੰ 14 ਕਾਊਂਟਿੰਗ ਟੇਬਲਾਂ ਦੇ ਮੁਕਾਬਲੇ 5 ਰਾਖਵੀਆਂ ਟੀਮਾਂ ਸਮੇਤ 19- 19 ਟੀਮਾਂ ਦੀ ਵੰਡ ਕੀਤੀ ਗਈ ਹੈ। ਖਰੜ ਅਤੇ ਐਸ.ਏ.ਐਸ.ਨਗਰ ਵਿਧਾਨ ਸਭਾ ਹਲਕੇ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ, ਖੂਨੀ ਮਾਜਰਾ ਖਰੜ ਵਿਖੇ ਜਦਕਿ ਡੇਰਾਬੱਸੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਗਿਣਤੀ ਟੀਮਾਂ ਨੂੰ ਸਵੇਰੇ 5 ਵਜੇ ਗਿਣਤੀ ਕੇਂਦਰਾਂ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿੱਥੇ ਟੀਮਾਂ ਨੂੰ ਗਿਣਤੀ ਟੇਬਲ ਅਲਾਟ ਕਰਨ ਲਈ ਰੈਂਡਮਾਈਜ਼ੇਸ਼ਨ ਦਾ ਇੱਕ ਹੋਰ ਅੰਤਮ ਸੈਸ਼ਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਅਮਲੇ ਨੂੰ ਗਿਣਤੀ ਪ੍ਰਕਿਰਿਆ ਸਬੰਧੀ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤਾਂ ਜੋ ਈ.ਵੀ.ਐਮਜ਼ ਰਾਹੀਂ ਵੋਟਾਂ ਦੀ ਨਿਰਵਿਘਨ ਗਿਣਤੀ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਗਿਣਤੀ ਭਲਕੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਗਿਣਤੀ ਟੀਮਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ ਤਿੜਕੇ, ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਅਤੇ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀਮਤੀ ਅਨੂ ਗੁਪਤਾ ਵੀ ਹਾਜ਼ਰ ਸਨ।