ਫਾਜ਼ਿਲਕਾ 13 ਅਪ੍ਰੈਲ
ਲੋਕ ਸਭਾ ਚੋਣਾਂ 2024 ਦੇ ਚੋਣਾਂ ਦੇ ਪਰਵ ਦੌਰਾਨ ਅੱਜ ਵਿਸਾਖੀ ਦੇ ਤਿਓਹਾਰ ਮੌਕੇ ਅੰਤਰਰਾਸ਼ਟਰੀ ਸਰਹੱਦ ਤੇ ਸਾਦਕੀ ਚੌਕੀ ਤੇ ਭਾਰੀ ਰੌਣਕਾਂ ਲੱਗੀਆਂ। ਰਟਰੀਟ ਦੀ ਰਸਮ ਤੋਂ ਪਹਿਲਾਂ ਹੋਏ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਮੌਕੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਮਤਦਾਨ ਪ੍ਰਤੀਸਤ 70 ਫੀਸਦੀ ਦੇ ਪਾਰ ਕਰਨ ਦਾ ਅਹਿਦ ਲਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਕੌਮਾਂਤਰੀ ਸਰਹੱਦ ਤੇ ਹੋਏ ਇਸ ਵਿਸਾਖੀ ਮੇਲੇ ਦੌਰਾਨ ਲੋਕਤੰਤਰ ਦੇ ਤਿਓਹਾਰ ਪ੍ਰਤੀ ਵੀ ਲੋਕਾਂ ਵਿਚ ਉਨ੍ਹਾਂ ਹੀ ਉਤਸਾਹ ਅਤੇ ਜੋਸ਼ ਵਿਖਾਈ ਦਿੱਤਾ। ਨੌਜਵਾਨ, ਜਿੰਨ੍ਹਾਂ ਨੇ ਇਸ ਵਾਰ ਪਹਿਲੀ ਵਾਰ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਨਾ ਹੈ, ਉਹ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਵਿਖਾਈ ਦਿੱਤੇ, ਕਿਉਂਕਿ ਉਨ੍ਹਾਂ ਨੂੰ ਚਾਅ ਹੈ ਕਿ ਉਹ ਵੀ ਆਪਣੀ ਸਰਕਾਰ ਦੀ ਚੋਣ ਕਰਨ ਵਿਚ ਭਾਗੀਦਾਰ ਬਣਨ ਜਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਸਮੂਹ ਹਾਜਰੀਨ ਨੇ ਪ੍ਰਣ ਲਿਆ ਕਿ ਉਹ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨਗੇ ਅਤੇ ਵੋਟ ਬਿਨ੍ਹਾਂ ਕਿਸੇ ਲਾਲਚ, ਡਰ ਜਾਂ ਭੈਅ ਦੇ ਪਾਉਣਗੇ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਵੋਟ ਸਾਡਾ ਹੱਕ ਹੈ ਪਰ ਸਾਨੂੰ ਇਸ ਨੂੰ ਫਰਜ ਸਮਝ ਕੇ ਲਾਜਮੀ ਤੌਰ ਤੇ ਮਤਦਾਨ ਵਾਲੇ ਦਿਨ ਆਪਣੀ ਵੋਟ ਪਾਉਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਜਦ ਸਾਰੇ ਨਾਗਰਿਕ ਲੋਕਤੰਤਰ ਵਿਚ ਆਪਣੀ ਭਾਗੀਦਾਰੀ ਕਰਨਣਗੇ ਤਾਂ ਦੁਨੀਆਂ ਵਿਚ ਸਭ ਤੋਂ ਵੱਡਾ ਸਾਡਾ ਲੋਕਤੰਤਰ ਹੋਰ ਮਜਬੂਤ ਹੋਵੇਗਾ। ਉਨ੍ਹਾਂ ਨੇ ਕੌਮਾਂਤਰੀ ਸਰਹੱਦ ਤੇ ਖੜ ਕੇ ਸਭ ਨੂੰ ਅਪੀਲ ਕੀਤੀ ਕਿ ਹਰ ਕੋਈ ਮਤਦਾਨ ਕਰੇ ਅਤੇ ਜੇਕਰ ਕਿਸੇ ਦੀ ਹਾਲੇ ਵੋਟ ਨਹੀਂ ਬਣੀ ਤਾਂ ਉਹ ਆਪਣੀ ਵੋਟ ਜਰੂਰ ਬਣਾਏ।
ਐਸਐਸਪੀ ਡਾ: ਪ੍ਰਗਿਆ ਜੈਨ ਨੇ ਇਸ ਮੌਕੇ ਕਿਹਾ ਕਿ ਲੋਕ ਸਭਾ ਚੋਣਾ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜਾਮ ਹੋਣਗੇ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਡਰ ਭੈਅ ਤੋਂ ਬਿਨ੍ਹਾਂ ਆਪਣੀ ਇੱਛਾ ਅਨੁਸਾਰ ਮਤਦਾਨ ਕਰਨ।
ਇਸ ਮੌਕੇ ਪੰਜਾਬੀ ਵਿਰਸੇ ਦੇ ਰੰਗ ਸਵੀਪ ਬੋਲੀਆਂ ਤੇ ਅਧਾਰਤ ਗਿੱਧਾ ਅਤੇ ਭੰਗੜਾ ਜਿੱਥੇ ਖਿੱਚ ਦਾ ਕੇਂਦਰ ਰਹੇ ਉਥੇ ਹੀ ਪੀਡਲਬਲਯੂਡੀ ਆਈਕਨ ਰੇਖਾ ਰਾਣੀ ਦੇ ਡਾਂਸ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਜਸਪਾਲ ਜੱਸੀ ਦੇ ਸਵੀਪ ਗੀਤਾਂ ਨੇ ਵੀ ਖੂਬ ਰੰਗ ਬੰਨਿਆਂ। ਬਾਅਦ ਵਿਚ ਬੀਐਸਐਫ ਵਲੋਂ ਰੀਟਰੀਟ ਦੀ ਰਸਮ ਨਿਭਾਈ ਗਈ ਜਿਸ ਨੇ ਮਹੌਲ ਨੂੰ ਪੂਰੀ ਤਰਾਂ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਪੋਪਲੀ, ਕਮਾਡੈਂਟ ਅਧਿਕਾਰੀ ਵਿਸ਼ੇਸ਼ ਕੁਮਾਰ, ਐਸਡੀਐਮ ਸ੍ਰੀ ਪੰਕਜ ਬਾਂਸਲ, , ਸ੍ਰੀ ਬਲਕਰਨ ਸਿੰਘ, ਤਹਿਸੀਲਦਾਰ ਸੁਖਦੇਵ ਸਿੰਘ, ਸਵੀਪ ਸਹਾਇਕ ਨੋਡਲ ਅਫ਼ਸਰ ਰਾਜਿੰਦਰ ਵਿਖੌਨਾ ਤੇ ਸਤਿੰਦਰ ਬੱਤਰਾ ਵੀ ਹਾਜਰ ਸਨ।
ਚੋਣਾਂ ਦੇ ਪਰਵ ਦੌਰਾਨ ਵਿਸਾਖੀ ਤੇ ਸਾਦਕੀ ਚੌਕੀ ਤੇ ਲੱਗੀਆਂ ਰੌਣਕਾਂ ਭਾਰੀ


