ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਘਰਾਂ ਤੱਕ ਪਹੁੰਚ ਨੂੰ 43 ਤੋਂ ਵਧਾ ਕੇ 406 ਕੀਤਾ ਗਿਆ

Politics Punjab S.A.S Nagar


ਐਸ.ਏ.ਐਸ.ਨਗਰ, 11 ਫਰਵਰੀ, 2025:
ਰਾਜ ਦੇ ਨਾਗਰਿਕਾਂ ਲਈ ਪ੍ਰਸ਼ਾਸਨਿਕ ਅਤੇ ਸਰਕਾਰੀ ਸੇਵਾਵਾਂ ਦੀ ਪਹੁੰਚ ਨੂੰ ਹੋਰ ਵਧਾਉਣ ਲਈ, ‘ਡੋਰ ਸਟੈਪ ਡਿਲੀਵਰੀ’ (ਘਰ ਜਾ ਕੇ ਸੇਵਾਵਾਂ ਦੇਣ) ਨਾਗਰਿਕ ਕੇਂਦਰਿਤ ਸੇਵਾਵਾਂ ਦੇ ਦਾਇਰੇ ਨੂੰ 43 ਤੋਂ ਵਧਾ ਕੇ 406 ਕਰ ਦਿੱਤਾ ਗਿਆ ਹੈ।
       ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਕੀਤੀ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ “ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ” ਸਕੀਮ ਤਹਿਤ ਸ਼ੁਰੂ ਕੀਤੀਆਂ ਮੌਜੂਦਾ 43 ਸੇਵਾਵਾਂ ਦੀ ਨਿਰੰਤਰਤਾ ਵਿੱਚ 363 ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸ਼ਾਮਲ ਕਰਕੇ, ਲੋਕਾਂ ਨੂੰ 406 ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੇ ਜਾ ਕੇ ਪ੍ਰਦਾਨ ਕੀਤੀਆਂ ਜਾਣਗੀਆਂ।
       ਉਨ੍ਹਾਂ ਕਿਹਾ ਕਿ 406 ਸੇਵਾਵਾਂ ਦੀ ‘ਡੋਰ ਸਟੈਪ ਡਿਲੀਵਰੀ’ ਦੀ ਪੇਸ਼ਕਸ਼ ਦੀ ਇਸ ਪਹਿਲਕਦਮੀ ਵਿੱਚ ਡਰਾਈਵਿੰਗ ਲਾਇਸੈਂਸ, ਪੁਲਿਸ ਵੈਰੀਫਿਕੇਸ਼ਨ ਅਤੇ ਪਾਸਪੋਰਟ ਅਰਜ਼ੀਆਂ ਵੀ ਸ਼ਾਮਲ ਹਨ।
      ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਟੋਲ ਫ੍ਰੀ ਨੰਬਰ 1076 ਡਾਇਲ ਕਰਕੇ ਘਰ ਬੈਠੇ ਹੀ 43 ਸੇਵਾਵਾਂ ਪ੍ਰਾਪਤ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ 363 ਹੋਰ ਸੇਵਾਵਾਂ ਜੁੜਨ ਨਾਲ ਕੁੱਲ ਗਿਣਤੀ 406 ਹੋ ਗਈ ਹੈ ਜੋ 29 ਪ੍ਰਮੁੱਖ ਸਰਕਾਰੀ ਵਿਭਾਗਾਂ ਨੂੰ ਕਵਰ ਕਰਨਗੀਆਂ।   ਹੁਣ ਉਪਲਬਧ ਸੇਵਾਵਾਂ ਵਿੱਚ ਡਰਾਈਵਿੰਗ ਲਾਇਸੰਸ, ਪਾਸਪੋਰਟ ਐਪਲੀਕੇਸ਼ਨ, ਪੁਲਿਸ ਵੈਰੀਫਿਕੇਸ਼ਨ, ਯੂਟਿਲਟੀ ਕਨੈਕਸ਼ਨ, ਜ਼ਿਲ੍ਹਾ ਅਥਾਰਟੀਆਂ ਤੋਂ ਐਨ ਓ ਸੀ, ਕਿਰਾਏਦਾਰ ਤਸਦੀਕ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 363 ਹੋਰ ਸੇਵਾਵਾਂ ਨੂੰ ਜੋੜਨਾ ਇਸ ਸਕੀਮ ਦੀ ਪਹੁੰਚ ਨੂੰ ਹੋਰ ਵਿਸ਼ਾਲ ਕਰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਜ਼ਰੂਰੀ ਸਰਕਾਰੀ ਸੇਵਾਵਾਂ ਬੇਲੋੜੀ ਦੇਰੀ ਜਾਂ ਕਾਗਜ਼ੀ ਕਾਰਵਾਈ ਤੋਂ ਬਿਨਾਂ ਪ੍ਰਦਾਨ ਕੀਤੀਆਂ ਜਾਣ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੋਰ ਸਟੈਪ ਡਿਲੀਵਰੀ (ਡਾਇਲ 1076) ਰਾਹੀਂ ਜ਼ਿਲ੍ਹੇ ਚ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ 3248 ਨਾਗਰਿਕ ਕੇਂਦਰਿਤ ਸੇਵਾਵਾਂ ਦੀਆਂ ਬੇਨਤੀਆਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਪਹਿਲਕਦਮੀ ਨੇ ਨ ਕੇਵਲ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਪਰੇਸ਼ਾਨੀ ਤੋਂ ਬਚਣ ਦੇ ਯੋਗ ਬਣਾਇਆ ਹੈ, ਸਗੋਂ ਉਨ੍ਹਾਂ ਦੇ ਦਸਤਾਵੇਜ਼ ਸਿੱਧੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਏ ਜਾਣ  ਦਾ ਰਾਹ ਖੋਲ੍ਹਿਆ ਹੈ।
       ਉਨ੍ਹਾਂ ਕਿਹਾ ਕਿ ਈ-ਸਟੈਂਪ ਅਤੇ ਆਧਾਰ ਕਾਰਡ ਸੇਵਾਵਾਂ ਨੂੰ ਛੱਡ ਕੇ, ਸੇਵਾ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ, ਇਸ ਨਵੀਂ ਪਹਿਲਕਦਮੀ ਤਹਿਤ ਨਾਗਰਿਕਾਂ ਦੇ ਘਰ ਤੱਕ ਉਪਲਬਧ ਹੋਣਗੀਆਂ।.

Leave a Reply

Your email address will not be published. Required fields are marked *