ਸਵੀਪ ਟੀਮ ਦੀ ਵੋਟਰ ਜਾਗਰੂਕਤਾ ਮੁਹਿੰਮ ’ਚ ਡਾਕਟਰ ਵੀ ਹੋਏ ਸ਼ਾਮਿਲ

Ferozepur

ਫ਼ਿਰੋਜ਼ਪੁਰ 23 ਮਈ 2024:

          ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੇ ਸਵੀਪ ਪ੍ਰੋਗਰਾਮਾਂ ਦੀ ਲੜੀ ਵਿੱਚ ਨੌਜਵਾਨਾਂ ਅਤੇ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਅੱਜ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਸਥਾਨਕ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਹਸਪਤਾਲ ਦੇ 21 ਮਾਹਿਰ ਡਾਕਟਰਾਂ ਨੇ ਨੌਜਵਾਨ ਵਰਗ ਅਤੇ ਮਹਿਲਾ ਵੋਟਰਾਂ ਨੂੰ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ।

          ਇਸ ਮੌਕੇ ਜ਼ਿਲ੍ਹਾ ਸਵੀਪ ਕੋਆਰਡੀਨੇਟ ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਾਲਜ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਤੇ ਵੋਟ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਲੋਕਤੰਤਰ ਦੀ ਮਜ਼ਬੂਤੀ ਲਈ ਅਤੇ ਆਪਣੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਉਹ ਯੋਗ ਉਮੀਦਵਾਰ ਨੂੰ ਵੋਟ ਪਾ ਕੇ ਲੋਕ ਸਭਾ ਵਿੱਚ ਭੇਜਣ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਵੋਟ ਪਾਉਣ ਦੇ ਨਾਲ-ਨਾਲ ਵੋਟਰ ਸੇਵਕਾਂ ਦੀ ਭੂਮਿਕਾ ਵੀ ਨਿਭਾਅ ਕੇ ਬਜ਼ੁਰਗ, ਦਿਵਿਆਂਗ ਅਤੇ ਹੋਰ ਲੋੜਵੰਦ ਵੋਟਰਾਂ ਨੂੰ ਵੋਟ ਪਾਉਣ ਲਈ ਲੈ ਕੇ ਜਾਣ ਅਤੇ ਛੱਡ ਕੇ ਆਉਣ ਵਿੱਚ ਸਹਾਇਤਾ ਜ਼ਰੂਰ ਕਰਨ।  ਉਨ੍ਹਾਂ ਨੇ ਵੋਟ ਵਾਲੇ ਦਿਨ 01 ਜੂਨ ਨੂੰ ਪੋਲਿੰਗ ਬੂਥਾਂ ’ਤੇ ਮਿਲਣ ਵਾਲੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ ਅਤੇ ਵਿੱਦਿਅਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੂਨ ਨੂੰ ਪੋਲਿੰਗ ਬੂਥਾਂ ’ਤੇ ਠੰਡੇ ਪਾਣੀ ਦੀ ਛਬੀਲ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਸਵੀਪ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਦਿਅਕ ਸੰਸਥਾਵਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।

          ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਅਤੇ ਕਿਰਨ ਬਾਂਸਲ ਨੇ ਲੜਕੀਆਂ ਨੂੰ ਵੋਟਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵੋਟਾਂ ਵਿੱਚ ਔਰਤਾਂ ਦੀ ਭਾਗੀਦਾਰੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਜਦੋਂ ਕਿ ਸੰਵਿਧਾਨ ਮੁਤਾਬਕ ਦੋਹਾਂ ਨੂੰ ਬਰਾਬਰ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਆਪ ਵੋਟ ਪਾਉਣ ਜਾਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਖਾਸ ਕਰਕੇ ਔਰਤਾਂ ਨੂੰ ਵੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਔਰਤਾਂ ਦੀਆਂ ਵੋਟਾਂ ਜਿਆਦਾ ਗਿਣਤੀ ਵਿੱਚ ਪੈ ਸਕਣ।

       ਸਵੀਪ ਟੀਮ ਦੇ ਮੈਂਬਰ ਕਮਲ ਸ਼ਰਮਾ ਅਤੇ ਰਜਿੰਦਰ ਕੁਮਾਰ  ਨੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਦੀ ਸਾਰੀ ਜਾਣਕਾਰੀ ਮੁੱਹਈਆ ਕਰਵਾਈ ,ਚੋਣ ਜਾਬਤੇ ਸਬੰਧੀ ਜਾਣਕਾਰੀ ਦਿੱਤੀ, ਸੀ ਵਿਜਲ ਐਪ ਤੇ ਹੈਲਪ ਲਾਈਨ ਨੰਬਰ 1950 ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਈ.ਵੀ.ਐਮ. ਸਬੰਧੀ ਵਿਦਿਆਰਥੀਆਂ ਦੇ ਭਰਮ ਦੂਰ ਕੀਤੇ ਅਤੇ ਵੀ.ਵੀ.ਪੈਟ. ਮਸ਼ੀਨ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਲਜ ਵਿਦਿਆਰਥੀਆਂ ਵੱਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ।   

        ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਵੀਪ ਟੀਮ ਵੱਲੋਂ ਦਿੱਤੀ ਜਾਣਕਾਰੀ ਉੱਤੇ ਅਮਲ ਕਰਨ ਲਈ ਪ੍ਰੇਰਿਆ। ਇਸ ਮੌਕੇ ਕਾਲਜ ਦਾ ਸਟਾਫ਼, ਵਿਦਿਆਰਥੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।