ਜ਼ਿਲ੍ਹਾ ਸਵੀਪ ਟੀਮ ਵੱਲੋਂ ਟਰਾਂਸਜੈਂਡਰ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਵਧਾਉਣ ਲਈ ਉਹਨਾਂ ਦੇ ਡੇਰਿਆਂ ਤੱਕ ਕੀਤੀ ਪਹੁੰਚ

Moga

ਮੋਗਾ, 31 ਮਈ:
ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਸਿਬਿਨ ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ  ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ  ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਸਹਾਇਕ ਜਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਜੀ.ਜੀ.ਐੱਫ. ਅਨੁਰਾਗ ਸਿੰਘ ਨੇ ਮੋਗਾ ਜਿਲ੍ਹੇ ਵਿੱਚ ਰਹਿ ਰਹੇ ਮਹੰਤਾਂ ਨੂੰ 01 ਜੂਨ 2024 ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਸਾਥੀਆਂ ਸਹਿਤ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ।
ਸਵੀਪ ਟੀਮ ਨੇ ਮਹੰਤਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦਿਨ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਵੋਟਰ ਆਰਾਮ ਨਾਲ ਵੋਟ ਪਾ ਸਕਣ। ਚੋਣ ਕਮਿਸ਼ਨ ਪੰਜਾਬ ਵੱਲੋਂ ਕਤਾਰ ਮੈਨੇਜਮੈਂਟ ਸਿਸਟਮ ਵੀ ਲਾਗੂ ਕੀਤਾ ਗਿਆ ਹੈ ਜਿਸਨੂੰ ਵਰਤਕੇ ਵੋਟਰ ਘਰੋਂ ਹੀ ਬੂਥ ਉੱਪਰ ਭੀੜ ਦਾ ਪਤਾ ਲਗਾ ਸਕਦੇ ਹਨ।
ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਸਾਰੇ ਆਉਣ ਵਾਲਿਆਂ  ਦੀ ਜਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ  ਕੀਤਾ ਜਾਵੇਗਾ।  
ਇਸ ਸਮੇਂ ਟੀਮ ਵੱਲੋਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨ, ਵੋਟਾਂ ਸੰਬੰਧੀ ਐਪਸ, ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ। ਟੀਮ ਨੇ ਕਿਹਾ ਕਿ ਕਿਸੇ ਵੋਟਰ ਕੋਲ ਵੋਟਰ ਕਾਰਡ ਨਹੀਂ ਵੀ ਹੈ ਪ੍ਰੰਤੂ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੈ ਤਾਂ ਵੋਟਰ ਕਾਰਡ ਤੋਂ ਬਿਨਾ ਵੀ ਵੋਟ ਪਾ ਸਕਦਾ ਹੈ।ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ 12 ਡਾਕੂਮੈਂਟ ਵਿੱਚੋਂ ਕੋਈ ਇੱਕ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਬੈਂਕ ਕਾਪੀ, ਮਾਨਤਾ ਪ੍ਰਾਪਤ ਸੰਸਥਾ ਵੱਲੋਂ ਜਾਰੀ ਸਨਾਖਤੀ ਕਾਰਡ ਆਦਿ ਵਰਤ ਕੇ ਵੀ ਵੋਟ ਪਾਈ ਜਾ ਸਕਦ ਹੈ।
  ਇਸ ਸਮੇਂ ਜ਼ਿਲ੍ਹਾ ਸਵੀਪ ਆਈਕਨ ਮਹੰਤ ਬੌਬੀ, ਵਰਸ਼ਾ ਸ਼ਰਮਾ ਅਤੇ ਉਹਨਾਂ ਦੀ ਟੀਮ ਹਾਜ਼ਰ ਸਨ। ਉਨ੍ਹਾਂ ਨੇ ਵੋਟ ਫੀਸਦੀ ਨੂੰ 70 ਪਾਰ ਕਰਨ ਲਈ ਆਪਣੇ ਵਰਗ ਦੇ ਵੱਧ ਤੋਂ ਵੱਧ ਲੋਕਾਂ ਦੀ ਪੋਲਿੰਗ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਦਾ ਵਿਸ਼ਵਾਸ਼ ਦਿਵਾਇਆ।