ਫਿਰੋਜ਼ਪੁਰ 18 ਮਾਰਚ 2024
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਜ਼ਿਲਾ ਚੋਣਕਾਰ ਅਫਸਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਸਾਰੇ ਅਸਲਾ ਲਾਇਸੰਸੀ ਆਪਣੇ-ਆਪਣੇ ਹਥਿਆਰ ਆਪਣੇ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਅਧਿਕਾਰਤ ਅਸਲਾ ਡੀਲਰਾਂ ਪਾਸ ਇਕ ਹਫਤੇ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੇ ਅਮਲ ਨੂੰ ਨਿਰਵਿਘਨ, ਨਿਰਪੱਖਤਾ ਅਤੇ ਭੈਅਮੁਕਤ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਕੰਮ ਵਿੱਚ ਸਮੂਹ ਵੋਟਰਾਂ ਅਤੇ ਇਲਾਕਾ ਵਾਸੀਆਂ ਦੇ ਵੀ ਸਹਿਯੋਗ ਦੀ ਵੀ ਲੋੜ ਹੈ। ਇਸ ਲਈ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਮੂਹ ਅਸਲਾ ਲਾਇਸੰਸੀਆਂ ਪਾਸੋਂ ਉਨ੍ਹਾਂ ਦੇ ਅਸਲੇ ਨੂੰ ਜਮ੍ਹਾਂ ਕਰਵਾਉਣਾ ਅਤਿ ਜਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਅਣਸੁਖਾਂਵੀ ਘਟਨਾ ਨਾ ਵਾਪਰੇ।
ਇਸ ਦੇ ਨਾਲ ਹੀ ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਨੂੰ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਲਈ ਉਨ੍ਹਾਂ ਦਾ ਦਫਤਰ 24 ਘੰਟੇ ਲਈ ਖੁੱਲਾ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰ: 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿੱਧਰੇ ਚੋਣ ਜਾਬਤੇ ਦੀ ਉਲੰਘਣਾ ਹੁੰਦੀ ਹੈ ਤਾਂ ਸਾਨੂੰ ਸੂਚਿਤ ਕੀਤਾ ਜਾ ਸਕਦਾ ਹੈ ਇਸ ਸਬੰਧੀ ਸਾਡੇ ਅਧਿਕਾਰੀ/ਕਰਮਚਾਰੀ ਲਗਾਤਾਰ ਦਫਤਰ ਵਿਖੇ ਸਥਾਪਿਤ ਸ਼ਿਕਾਇਤ ਬਾਕਸ ਅਤੇ ਸੀ-ਵਿਜਿਲ ਐਪ ਤੇ ਕੰਮ ਕਰ ਰਹੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਅਸਲਾ ਲਾਇਸੰਸੀਆਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੀ ਅਪੀਲ


