ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਜਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀਆਂ ਦਾ ਆਯੋਜਨ 09 ਅਪ੍ਰੈਲ ਨੂੰ ਪਿੰਡ ਚਨਾਰਥਲ ਕਲਾਂ ਵਿਖੇ ਕੀਤਾ ਜਾਵੇਗਾ। ਇਸ ਕੈਂਪ ਵਿੱਚ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਜਦੋਂ ਕਿ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ ਨੇ ਦਿੱਤੀ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਸ਼੍ਰੀ ਅਰੂਣ ਕੁਮਾਰ, ਸੰਯੁਕਤ ਡਾਇਰੈਕਟਰ (ਹਾਈਡਰੋਲੋਜੀ) ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ। ਇਸ ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਸਾਉਣੀ ਸੀਜਨ ਦੌਰਾਨ ਪਾਣੀ ਦੀ ਬੱਚਤ ਲਈ ਧਾਨ ਦੀ ਸਿੱਧੀ ਬਿਜਾਈ ਬਾਰੇ ਅਤੇ ਫਸਲੀ ਵਿਭਿੰਨਤਾ ਬਾਰੇ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਗਬਾਨੀ, ਪਸ਼ੂ-ਪਾਲਣ, ਡੇਅਰੀ, ਮੱਛੀ-ਪਾਲਣ, ਭੂਮੀ ਰੱਖਿਆ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਖੇਤੀਬਾੜੀ ਵਿਭਾਗ ਵੱਲੋਂ ਨਵੀਨਤਮ ਖੇਤੀ ਮਸ਼ੀਨਰੀ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।
ਮੁਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਅਤੇ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਸਾਉਣੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਹਾਸਿਲ ਕਰਨ।