ਫਿਰੋਜ਼ਪੁਰ, 16 ਫਰਵਰੀ 2024.
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਲਾਇਬਰੇਰੀ ਫ਼ਿਰੋਜ਼ਪੁਰ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਪ੍ਰੋ. ਜਸਪਾਲ ਘਈ, ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਨੇ ਸਾਂਝੇ ਰੂਪ ਵਿੱਚ ਕੀਤੀ। ਇਸ ਕਵੀ ਦਰਬਾਰ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਾਇਰਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਇੱਕ ਸਿਖ਼ਰ ‘ਤੇ ਲੈ ਗਏ । ਇਸ ਮੌਕੇ ਸਾਹਿਤਕਾਰ ਸ. ਜਸਵੰਤ ਸਿੰਘ ਕੈਲਵੀ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਰਚਨਾਵਾਂ ਲਈ ਜੀਵਨ ਭਰ ਦੀ ਸਾਹਿਤਕ ਘਾਲਣਾ ਲਈ ਸਨਮਾਨਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਆਏ ਹੋਏ ਸ਼ਾਇਰਾਂ, ਸਰੋਤਿਆਂ ਅਤੇ ਪਾਠਕਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਜਸਵੰਤ ਕੈਲਵੀ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਰਚਨਾਵਾਂ ਲਈ ਸਨਮਾਨ ਕਰ ਰਹੇ ਹਾਂ ਅਤੇ ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਤਿੰਨੇ ਸ਼ਖਸੀਅਤਾਂ ਇੱਕੋ ਵੇਲੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਨਾਲ ਵਾਬਾਸਤਾ ਹਨ। ਇਸ ਤੋਂ ਬਾਅਦ ਉਹਨਾਂ ਦੁਆਰਾ ਹਰੇਕ ਸ਼ਾਇਰ, ਸਰੋਤੇ ਅਤੇ ਪਾਠਕਾਂ ਬਾਰੇ ਸੰਖੇਪ ਵਿੱਚ ਜਾਣ-ਪਛਾਣ ਕਰਵਾਈ।
ਸ.ਜਸਵੰਤ ਕੈਲਵੀ ਦੇ ਜੀਵਨ ਅਤੇ ਸਾਹਿਤ ਬਾਰੇ ਜਾਣਕਾਰੀ ਦਿੰਦਿਆਂ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਜਸਵੰਤ ਕੈਲਵੀ ਜਿੱਥੇ ਇੱਕ ਬਹੁਤ ਹੀ ਨਿਪੁੰਨ ਅਤੇ ਅਨੁਸ਼ਾਸਨਬੱਧ ਅਧਿਕਾਰੀ ਸਨ ਉੱਥੇ ਉਹਨਾਂ ਦੀ ਸਾਹਿਤਕ ਯਾਤਰਾ ਵਿੱਚ ਲਗਾਤਾਰਤਾ ਬਣੀ ਰਹੀ ਅਤੇ ਉਹ ਇੱਕ ਬਹੁਤ ਹੀ ਮਿਹਨਤੀ, ਸਾਊ ਤੇ ਇਮਾਨਦਾਰ ਸੁਭਾਅ ਦੇ ਵਿਅਕਤੀ ਹਨ। ਆਪਣੇ ਸੰਬੋਧਨ ਵਿੱਚ ਸ. ਜਸਵੰਤ ਕੈਲਵੀ ਨੇ ਆਪਣੇ ਜੀਵਨ ਸੰਘਰਸ਼ ਅਤੇ ਸਾਹਿਤਕ ਯਾਤਰਾ ਬਾਰੇ ਬਹੁਤ ਹੀ ਵਿਸਥਾਰ ਸਹਿਤ ਅਤੇ ਭਾਵੁਕ ਅੰਦਾਜ਼ ਵਿੱਚ ਗੱਲਬਾਤ ਕੀਤੀ। ਇਸ ਤੋਂ ਬਾਅਦ ਸ਼ਾਇਰੀ ਦੇ ਦੌਰ ਵਿੱਚ ਵੱਖ-ਵੱਖ ਸ਼ਾਇਰਾਂ ਨੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਸੁਖਦੇਵ ਭੱਟੀ, ਗੁਰਵਿੰਦਰ ਸਿੱਧੂ, ਸੁਰਿੰਦਰ ਕੰਬੋਜ, ਸੰਜੀਵ ਪੰਜੇ ਕੇ, ਗੁਰਮੀਤ ਸਿੰਘ ਜੱਜ, ਡਾ. ਸਤੀਸ਼ ਠਕਰਾਲ ਸੋਨੀ, ਕੁਲਵਿੰਦਰ ਸਿੰਘ ‘ਬੀੜ’, ਪ੍ਰੀਤ ਜੱਗੀ, ਹਰੀਸ਼ ਮੋਂਗਾ, ਮੁਸੱਵਰ ਫ਼ਿਰੋਜ਼ਪੁਰੀ, ਬਲਵਿੰਦਰ ਪਨੇਸਰ ਅਤੇ ਗੁਰਦਿਆਲ ਸਿੰਘ ਵਿਰਕ ਸ਼ਾਮਲ ਹਨ। ਪ੍ਰੋ. ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਨੇ ਆਪਣੀ ਪ੍ਰਧਾਨਗੀ ਦੀ ਹਾਜ਼ਰੀ ਆਪਣੀਆਂ ਰਚਨਾਵਾਂ ਪੇਸ਼ ਕਰਕੇ ਲਵਾਈ।
ਪ੍ਰੋ. ਜਸਪਾਲ ਘਈ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਿੰਦੀ ਅਤੇ ਉਰਦੂ ਦੋਨੇ ਭਾਸ਼ਾਵਾਂ ਵਿੱਚ ਕਾਵਿਕ ਵਖਰੇਵੇਂ ਅਤੇ ਤਿੰਨਾਂ ਭਾਸ਼ਾਵਾਂ ਦੇ ਅੰਤਰ-ਸੰਵਾਦ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ। ਭਾਸ਼ਾ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਸ਼ਾਇਰਾਂ ਨੂੰ ਇੱਕੋ ਮੰਚ ‘ਤੇ ਇਕੱਠਾ ਕਰਕੇ ਅਤੇ ਜਸਵੰਤ ਕੈਲਵੀ ਦਾ ਸਨਮਾਨ ਕਰਕੇ ਭਾਸ਼ਾ ਵਿਭਾਗ ਨੇ ਇੱਕ ਬਹੁਤ ਹੀ ਮੁੱਲਵਾਨ ਕਾਰਜ ਕੀਤਾ ਹੈ। ਸਫਲ ਕਵੀ ਦਰਬਾਰ ਲਈ ਜਿੱਥੇ ਉਹਨਾਂ ਨੇ ਆਏ ਹੋਏ ਸ਼ਾਇਰਾਂ ਨੂੰ ਵਧਾਈ ਦਿੱਤੀ ਉੱਥੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੀ ਵੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਲਾਇਬਰੇਰੀ ਫ਼ਿਰੋਜ਼ਪੁਰ ਦੀ ਦਿੱਖ ਦੇਖ ਕੇ ਉਹਨਾਂ ਨੇ ਵਿਸ਼ੇਸ਼ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਇੱਕ ਅਜਿਹਾ ਸਥਾਨ ਮਿਲ ਗਿਆ ਹੈ ਜਿੱਥੇ ਬੈਠ ਕੇ ਅਸੀਂ ਕਈ ਤਰ੍ਹਾਂ ਦੀਆਂ ਸਾਹਿਤਕ ਗਤੀਵਿਧੀਆਂ ਕਰ ਸਕਦੇ ਹਾਂ। ਸੁਖਜਿੰਦਰ ਨੇ ਆਪਣੇ ਢੁੱਕਵੇਂ ਤੇ ਕਾਵਿਕ ਮੰਚ ਸੰਚਾਲਣ ਦੇ ਨਾਲ- ਨਾਲ ਆਪਣੀਆਂ ਰਚਨਾਵਾਂ ਹਿੰਦੀ ਭਾਸ਼ਾ ਵਿੱਚ ਪੇਸ਼ ਕੀਤੀਆਂ।
ਇਸ ਮੌਕੇ ਸ. ਜਸਵੰਤ ਸਿੰਘ ਕੈਲਵੀ ਦੇ ਧਰਮ ਪਤਨੀ ਸ਼੍ਰੀਮਤੀ ਦਰਸ਼ਨ ਕੌਰ ਅਤੇ ਪੁੱਤਰ ਗੁਰਿੰਦਰਬੀਰ ਸਿੰਘ ਤੋਂ ਇਲਾਵਾ ਮਾਤ ਭਾਸ਼ਾ ਦਾ ਅਣਥੱਕ ਕਾਮਾ ਜਗਤਾਰ ਸਿੰਘ ਸੋਖੀ, ਸਿੱਖਿਆ ਵਿਭਾਗ ਤੋਂ ਨੌਜਵਾਨ ਆਗੂ ਸਰਬਜੀਤ ਸਿੰਘ ਭਾਵੜਾ, ਲੈਕ. ਅਜੇ ਪਾਲ, ਲੈਕ. ਕੁਲਜੀਤ ਕੌਰ, ਗੁਰਚਰਨਜੀਤ ਸਿੰਘ ਸੱਬਰਵਾਲ, ਕਿਰਨ ਰਾਣੀ ਅਤੇ ਜਬਰ ਜੰਗ ਹਾਜ਼ਰ ਸਨ। ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਵਿੱਚ ਖੋਜ ਅਫ਼ਸਰ ਸ. ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ, ਰਵੀ ਕੁਮਾਰ,ਵਿਜੇ ਕੁਮਾਰ ਅਤੇ ਮੋਨਿਕਾ ਭੱਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।