ਫਾਜ਼ਿਲਕਾ, 28 ਸਤੰਬਰ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਿਸ਼ਾ ਨਿਰਦੇਸ਼ਾਂ ਅਤੇ ਡਾ ਐਰਿਕ ਕਾਰਜਕਾਰੀ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਅਤੇ ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਦੀ ਅਗਵਾਈ ਵਿੱਚ ਵਿਸ਼ਵ ਰੇਬੀਜ਼ ਦਿਵਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਦਿਵੇਸ਼ ਕੁਮਾਰ ਹਰਮੀਤ ਸਿੰਘ ਸੁਖਦੇਵ ਸਿੰਘ, ਵਿੱਕੀ ਸਿੰਘ, ਸੰਦੀਪ ਕੌਰ, ਸੁਨੀਤਾ ਰਾਣੀ ਹਾਜ਼ਰ ਸਨ।
ਡਾ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਸਾਡੇ ਦੇਸ ਵਿੱਚ ਹਲਕਾਅ (ਰੇਬੀਜ਼) ਹਲਕੇ ਕੁੱਤੇ, ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਾਰਾਂ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ/ਕੱਟੇ/ਝਰੀਟਾਂ/ਜਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖ਼ਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ। ਸਗੋਂ ਇਸ ਦਾ ਮਾਹਿਰ ਡਾਕਟਰ ਤੋਂ ਇਲਾਜ ਕਰਵਾਉ।
ਆਪਣੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ। ਕੁੱਤੇ ਤੁਹਾਡੇ ਦੋਸਤ ਹੋ ਸਕਦੇ ਹਨ ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਤੁਹਾਨੂੰ ਕੱਟ ਵੀ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕੁੱਤਾ ਕੱਟ ਜਾਂਦਾ ਹੈ ਤਾਂ ਜਖ਼ਮ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਧੋਵੋ, ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਲਗਾਓ ਅਤੇ ਜਲਦ ਤੋਂ ਜਲਦ ਮੁੱਢਲੀ ਸਹਾਇਤਾ ਲਈ ਮਾਹਿਰ ਡਾਕਟਰ ਕੋਲ ਸਿਹਤ ਕੇਂਦਰ ਜਾਓ ਅਤੇ ਹਲਕਾਅ ਤੋਂ ਬਚਾਅ ਲਈ ਐਂਟੀ ਰੇਬੀਜ਼ ਦੇ ਟੀਕੇ ਜਰੂਰ ਲਗਵਾਓ।
ਇਸ ਸਮੇਂ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਕੁੱਤੇ ਨੂੰ ਪਿਆਰ ਨਾਲ ਰੱਖੋ, ਕਦੇ ਵੀ ਤੰਗ ਪ੍ਰੇਸ਼ਾਨ ਨਾ ਕਰੋ। ਆਪਣੇ ਕੁੱਤਿਆਂ ਅਤੇ ਬਿੱਲੀਆਂ ਨੂੰ 3 ਮਹੀਨਿਆਂ ਦੀ ਉਮਰ ਤੇ ਹਲਕਾਅ ਦਾ ਟੀਕਾ ਸ਼ੁਰੂ ਕਰਕੇ ਹਰ ਸਾਲ ਹਲਕਾਅ ਵਿਰੁੱਧ ਟੀਕਾਕਰਣ ਜਰੂਰ ਕਰਵਾਓ । ਇਸ ਸਮੇਂ ਮੈਡਮ ਸੁਤੰਤਰ ਪਾਠਕ ਪ੍ਰਿੰਸੀਪਲ, ਆਕਾਸ਼ ਡੋਡਾ ਅਤੇ ਹੋਰ ਅਧਿਆਪਿਕ ਹਾਜ਼ਰ ਸਨ।