ਫਾਜ਼ਿਲਕਾ, 10 ਨਵੰਬਰ
ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਤੇ ਕਲਾ ਨੂੰ ਹੋਰ ਨਿਖਾਰਨ ਦੇ ਮੰਤਵ ਤਹਿਤ ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰੰਗ ਲਿਆ ਰਹੀਆਂ ਹਨ। ਇਸੇ ਤਹਿਤ ਕਲਾ ਉਤਸਵ ਮੁਕਾਬਲਿਆਂ ਵਿਚ ਜ਼ਿਲ੍ਹਾ ਫਾਜ਼ਿਲਕਾ ਨੇ ਰਾਜ ਪੱਧਰ *ਤੇ ਪਹਿਲਾ ਸਥਾਨ ਹਾਸਲ ਕਰਕੇ ਕਿਸੇ ਪੱਖੋਂ ਵੀ ਕਲਾ ਦੀ ਘਾਟ ਨਾ ਹੋਣ ਦਾ ਸਬੂਤ ਦਿੱਤਾ ਹੈ ਤੇ ਹੁਣ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਨੈਸ਼ਨਲ ਪੱਧਰ *ਤੇ ਪੰਜਾਬ ਰਾਜ ਦੀ ਨੁਮਾਇੰਦਗੀ ਕਰੇਗੀ ਤੇ ਆਪਣਾ ਜੋਹਰ ਪ੍ਰਗਟ ਕਰੇਗੀ। ਇਹ ਜਾਣਕਾਰੀ ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਨੇ ਦਿੱਤੀ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਖਿਆ ਅਫਸਰ(ਸੈ. ਸਿ ) ਬ੍ਰਿਜ ਮੋਹਨ ਸਿੰਘ ਬੇਦੀ, ਜ਼ਿਲ੍ਹਾ ਸਿਖਿਆ ਅਫਸਰ (ਐ. ਸਿ) ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ, ਉਪ ਜ਼ਿਲ੍ਹਾ ਸਿਖਿਆ ਅਫਸਰ ਪਰਵਿੰਦਰ ਸਿੰਘ ਅਤੇ ਕੋਆਰਡੀਨੇਟਰ ਜ਼ੋਨ ਪੱਧਰੀ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਤੋਂ ਬਾਅਦ ਹੁਣ ਵਿਦਿਆਰਥਣਾਂ ਦੀ ਨਾਟਕ ਦੀ ਪੇਸ਼ਕਾਰੀ ਨੇ ਸਟੇਟ ਪੱਧਰ *ਤੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ। ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਅਗਵਾਈ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਕੀਤੀ ਗਈ ਸੀ ਜਿਸ ਵਿਚ ਵੱਖ-ਵੱਖ ਜਿਲ੍ਹਿਆਂ ਨੇ ਸ਼ਿਰਕਤ ਕੀਤੀ ਸੀ।
ਨੋਡਲ ਅਫਸਰ ਵਿਜੈ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣਾਂ ਦੀ ਸਖਤ ਮਿਹਨਤ ਤੇ ਅਟੁੱਟ ਵਿਸਵਾਸ਼ ਸਦਕਾ ਹੀ ਜ਼ਿਲ੍ਹਾ ਫਾਜ਼ਿਲਕਾ ਨੇ ਪੰਜਾਬ ਪੱਧਰ *ਤੇ ਮੱਲਾ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ‘ਮੇਰੀ ਗੀਤਾਂ ਵਾਲੀ ਕਾਪੀ’ ਨਾਟਕ ਪੇਸ਼ ਕੀਤਾ, ਇਹ ਨਾਟਕ ਪੰਜਾਬ ਦੀ ਮਸ਼ਹੂਰ ਕਵਿਤਰੀ ਸੁਖਵਿੰਦਰ ਕੌਰ ਅੰਮ੍ਰਿਤ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਪੇਸ਼ ਕਰਦਾ ਹੈ। ਨਾਟਕ ਦੀ ਪੇਸ਼ਗੀ ਨੇ ਸਾਰੇ ਹਾਜਰੀਨ ਨੂੰ ਝੰਝੋੜ ਕੇ ਰੱਖ ਦਿੱਤਾ।
ਸੀਨੀਅਰ ਸੈਕੰਡਰੀ ਸਕੂਲ ਡਬਵਾਲਾ ਕਲਾਂ ਦੇ ਪ੍ਰਿੰਸੀਪਲ ਸੁਭਾਸ਼ ਨਰੁਲਾ, ਸਕੂਲ ਡਾਇਰੈਕਟਰ ਕੁਲਜੀਤ ਭੱਟੀ ਤੇ ਗਾਈਡ ਵੀਰਾ ਕੌਰ ਦੇ ਮਾਰਗਦਰਸ਼ਨ ਹੇਠ ਸਕੂਲ ਦੀ ਨਾਟਕ ਟੀਮ ਜਿਸ ਵਿਚ ਪ੍ਰਭਸਿਮਰਨਜੀਤ ਕੌਰ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਦੀਕਸ਼ਾ ਰਾਣੀ ਨੇ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ। ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ, ਖੋਜ ਅਫਸਰ ਪਰਮਿੰਦਰ ਸਿੰਘ ਅਤੇ ਹੋਰ ਵੱਖ-ਵੱਖ ਅਧਿਕਾਰੀਆਂ ਨੇ ਰਾਜ ਪੱਧਰ *ਤੇ ਨਾਮਨਾ ਖੱਟਣ *ਤੇ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਨਵੀਆਂ ਪੁਲਾਘਾ ਪੁੱਟਣ *ਤੇ ਸ਼ੁਭਕਾਮਨਾਵਾਂ ਦਿੱਤੀਆਂ।