ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਗਰਾਉਂ ‘ਚ ਐਸ.ਐਸ.ਟੀ. ਦੇ ਨਾਕਿਆਂ ਦੀ ਚੈਕਿੰਗ

Ludhiana

ਲੁਧਿਆਣਾ, 25 ਮਈ (000) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਗਰਾਉਂ ਸਬ-ਡਵੀਜ਼ਨ ਦੇ ਵੱਖ-ਵੱਖ ਪੁਆਇੰਟਾਂ ‘ਤੇ ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ.) ਵੱਲੋਂ ਲਗਾਏ ਗਏ ਨਾਕਿਆਂ ਦੀ ਚੈਕਿੰਗ ਕੀਤੀ।

ਇਸ ਮੌਕੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ, ਐਸ.ਡੀ.ਐਮ-ਕਮ-ਏ.ਆਰ.ਓ ਜਗਰਾਉਂ ਗੁਰਬੀਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਦੇ ਹਰੇਕ ਵਿਧਾਨ ਸਭਾ ਹਲਕੇ ਲਈ 9 ਸਟੈਟਿਕ ਸਰਵੇਲੈਂਸ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ, ਇਹ ਟੀਮਾਂ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ ਅਤੇ ਚੋਣਾਂ ਦੇ ਮੁਕੰਮਲ ਹੋਣ ਤੱਕ ਆਪਣੀ ਡਿਊਟੀ ਕਰਨਗੀਆਂ। ਉਨ੍ਹਾਂ ਕਿਹਾ ਕਿ ਐਸ.ਐਸ.ਟੀਜ਼ ਨੂੰ ਸਾਰੇ ਛੋਟੇ-ਵੱਡੇ ਵਾਹਨਾਂ ਦੀ ਚੈਕਿੰਗ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਤੇ ਜੇਕਰ ਕੋਈ ਵੀ ਸ਼ੱਕੀ ਪਾਇਆ ਜਾਂਦਾ ਹੈ ਤਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਦੀ ਅਗਵਾਈ ਕਾਰਜਕਾਰੀ ਮੈਜਿਸਟ੍ਰੇਟ ਪਾਵਰ ਵਾਲੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਆਧਾਰ ‘ਤੇ ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਪੁਲਿਸ ਅਧਿਕਾਰੀ ਅਤੇ ਵੀਡੀਓਗ੍ਰਾਫਰ ਸ਼ਾਮਲ ਹੁੰਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਵੋਟਰਾਂ ਨੂੰ ਰਿਸ਼ਵਤ ਵਜੋਂ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਕਿ ਨਾਜਾਇਜ਼ ਸ਼ਰਾਬ, ਹਥਿਆਰ ਅਤੇ ਹੋਰ ਸ਼ੱਕੀ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਐਸ.ਐਸ.ਟੀਜ਼ ਦੇ ਮੈਂਬਰਾਂ ਨੂੰ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।

ਬਾਅਦ ਵਿੱਚ, ਉਨ੍ਹਾਂ ਐਸ.ਐਸ.ਪੀ. ਨਵਨੀਤ ਸਿੰਘ ਬੈਂਸ, ਏ.ਆਰ.ਓ ਜਗਰਾਉਂ ਗੁਰਬੀਰ ਸਿੰਘ ਕੋਹਲੀ ਅਤੇ ਹੋਰ ਅਧਿਕਾਰੀਆਂ ਨਾਲ ਆਗਾਮੀ ਵੋਟਿੰਗ ਦਿਵਸ (1 ਜੂਨ) ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।