ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

Ferozepur

ਫ਼ਿਰੋਜ਼ਪੁਰ 01 ਅਪ੍ਰੈਲ 2024:

     ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਗੂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਹਰ ਹਾਲ ’ਚ ਯਕੀਨੀ ਬਣਾਇਆ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅੱਜ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਲਈ ਸਮੂਹ ਪਾਰਟੀਆਂ ਦੇ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੌਕੇ ਐਸ.ਐਸ.ਪੀ ਸੋਮਿਆ ਮਿਸ਼ਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

     ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ  ਭਾਰਤੀ ਚੋਣ ਕਮਿਸ਼ਨ ਦੀਆਂ ਸਪਸ਼ੱਟ ਹਦਾਇਤਾਂ ਹਨ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਆਦਰਸ਼ ਚੋਣ ਜਾਬਤੇ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਨਾਮਜ਼ਦਗੀਆਂ ਦੀ ਵਾਪਸੀ 17 ਮਈ ਤੱਕ ਹੋਵੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ/ ਉਮੀਦਵਾਰ ਜਾਂ ਵਰਕਰ ਕਿਸੇ ਵਿਅਕਤੀ ਦੀ ਆਗਿਆ ਬਿਨਾਂ ਉਸ ਦੀ ਜ਼ਮੀਨ, ਇਮਾਰਤ ਜਾਂ ਕੰਧ ਉਤੇ ਝੰਡੇ, ਬੈਨਰ, ਨੋਟਿਸ, ਨਾਹਰੇ ਆਦਿ ਨਾ ਲਗਾਉਣ/ਚਿਪਕਾਉਣ।

     ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਵਿੱਚ ਕੁੱਲ 16,55,729 ਵੋਟਰ ਹਨ। ਇਨ੍ਹਾਂ ਵਿੱਚ 8,73,026 ਮਰਦ ਅਤੇ 7,82,658 ਔਰਤ ਵੋਟਰ ਸ਼ਾਮਿਲ ਹਨ। ਸਰਵਿਸ ਵੋਟਰਾਂ ਦੀ ਗਿਣਤੀ 4761 ਅਤੇ ਤੀਜੇ ਲਿੰਗ ਵਾਲੇ 45 ਵੋਟਰ, ਪੀ.ਡਬਲਿਊ.ਡੀ. 9060 ਵੋਟਰ ਅਤੇ ਸੀਨੀਅਰ ਸਿਟੀਜ਼ਨ (85+) 13368 ਵੋਟਰ ਹਨ।

     ਉਨ੍ਹਾਂ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਸੀ-ਵਿਜ਼ਿਲ ਐਪ ਬਾਰੇ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀਡੀਓ ਰਾਹੀਂ ਜਾਣਕਾਰੀ ਦਿੱਤੀ, ਜਿਸ ਰਾਹੀਂ ਲੋਕ ਸਭਾ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਬਾਰੇ ਫ਼ੋਟੋ/ਵੀਡੀਓ ਸਿੱਧੇ ਤੌਰ ’ਤੇ ਕਮਿਸ਼ਨ ਪਾਸ ਭੇਜੀ ਜਾ ਸਕਦੀ ਹੈ। ਇਸ ਐਪ ‘ਤੇ ਪ੍ਰਾਪਤ ਹੁੰਦੀ ਸ਼ਿਕਾਇਤ ‘ਤੇ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਿਤ ਸ਼ਿਕਾਇਤਕਰਤਾ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਵੋਟਰ ਹੈਲਪ ਲਾਈਨ ਨੰਬਰ 1950 ਜਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 1800-180-2510 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਕਿਸੇ ਜਾਣਕਾਰੀ ਜਾਂ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।