ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਨਾਲ ਕੀਤੀ ਮੀਟਿੰਗ

Faridkot

ਫ਼ਰੀਦਕੋਟ 18 ਮਾਰਚ,2024
ਲੋਕ ਸਭਾ ਚੋਣਾਂ-2024 ਦੇ ਮੱਦੇ-ਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਜ਼ਿਲ੍ਹੇ ਦੇ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਪੈਂਫਲਿਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ਉਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਇਹ ਘੋਸ਼ਣਾ ਪੱਤਰ ਲਿਆ ਜਾਵੇ ਕਿ ਇਹ ਚੋਣ ਸਮੱਗਰੀ ਕਿਸ ਵੱਲੋਂ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਜਾ ਰਹੀ ਹੈ ਅਤੇ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਖਰਚੇ ਸਮੇਤ ਸੂਚਨਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦੇਣੀ ਲਾਜ਼ਮੀ ਹੋਵੇਗੀ। ਇਹ ਮੁਕੰਮਲ ਸੂਚਨਾ ਪ੍ਰਿੰਟਿੰਗ ਦੇ ਤਿੰਨ ਦਿਨ ਦੇ ਅੰਦਰ ਅੰਦਰ ਆਉਣੀ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ, ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫ਼ਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉਪਰ ਆਪਣੀ ਪ੍ਰੈਸ ਦਾ ਨਾਮ, ਪਤਾ ਗਿਣਤੀ ਛਾਪਣਾ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵੱਲੋਂ ਜਾਤ-ਪਾਤ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਮਟੀਰੀਅਲ ਨਹੀਂ ਛਾਪਿਆ ਜਾਵੇਗਾ।

 ਉਨ੍ਹਾਂ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨੂੰ ਕਿਹਾ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਚੋਣ ਕਮਿਸ਼ਨ ਦੀਆਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਵੇਗੀ ਉਸ ਨੂੰ ਸੈਕਸ਼ਨ 127 (ਏ) ਤਹਿਤ ਛੇ ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਫਿਰ ਦੋਨੋ ਹੀ ਸਜਾਵਾਂ ਦਿੱਤੀਆਂ ਜਾ ਸਕਦੀਆਂ ਹਨ।ਇਸ ਵਿੱਚ ਪ੍ਰਿੰਟਰ ਦਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਸਮੂਹ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਚੋਣ ਦਫ਼ਤਰ ਦੇ ਮਾਹਿਰ ਨੁਮਾਇੰਦਿਆਂ ਵੱਲੋਂ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਬਾਰੇ ਇੱਕ ਟ੍ਰੇਨਿੰਗ ਵੀ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਵਿਸਥਾਰ ਸਹਿਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਦੱਸਿਆ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪ੍ਰਚਾਰ ਦੇ ਸਾਰੇ ਇਸ਼ਤਿਹਾਰਾਂ ਦੀ ਪ੍ਰੀ ਸਰਟੀਫਿਕੇਸ਼ਨ(ਪੂਰਵ ਮੰਜ਼ੂਰੀ) ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ) ਸੈਲ ਤੋਂ ਲੈਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀਆਂ ਪ੍ਰੀਟਿੰਗ ਪ੍ਰੈਸ ਰਜਿਸਟਰਡ ਨਹੀਂ ਵੀ ਹਨ ਉਨ੍ਹਾਂ ਨੂੰ ਵੀ ਪ੍ਰਚਾਰ ਸਮੱਗਰੀ ਦੀ ਪੂਰਵ ਪ੍ਰਵਾਨਗੀ ਐਮ.ਸੀ.ਐਮ.ਸੀ ਸੈਲ ਤੋਂ ਲੈਣੀ ਲਾਜ਼ਮੀ ਹੋਵੇਗੀ।ਉਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ. ਜਗਜੀਤ ਸਿੰਘ, ਤਹਿਸੀਲਦਾਰ ਚੌਣਾ ਹਰਜਿੰਦਰ ਕੌਰ, ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਅਤੇ ਇਲਾਵਾ ਪ੍ਰੀਟਿੰਗ ਪ੍ਰੈਸ ਦੇ ਨੁਮਾਇੰਦੇ ਹਾਜ਼ਰ ਸਨ।