ਫਾਜ਼ਿਲਕਾ 25 ਅਪ੍ਰੈਲ
ਫਾਜ਼ਿਲਕਾ ਦੇ ਜਿਲਾ ਚੋਣ ਅਫਸਰ ਕਮ ਡਿਪਵੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਮੂਹ ਸਿਆਸੀ ਪਾਰਟੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਦਰਸ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ।ਉਨ੍ਹਾਂ ਨੇ ਕਿਹਾ ਕਿ ਹਰ ਪ੍ਰਕਾਰ ਦੀ ਸਿਆਸੀ ਸਭਾ, ਰੈਲੀ ਲਈ ਅਤੇ ਲਾਉਡ ਸਪੀਕਰ ਦੀ ਵਰਤੋਂ ਲਈ ਪ੍ਰਵਾਨਗੀ ਲੈਣਾ ਲਾਜਮੀ ਹੈ। ਇਸ ਲਈ ਸਬੰਧਤ ਪਾਰਟੀ ਜਾਂ ਉਮੀਦਵਾਰ ਆਪਣੇ ਹਲਕੇ ਦੇ ਏਆਰਓ ਦੇ ਦਫ਼ਤਰ ਨਾਲ ਰਾਬਤਾ ਕਰ ਸਕਦਾ ਹੈ। ਏਆਰਓ ਦੇ ਦਫ਼ਤਰ ਵੱਲੋਂ ਸਭ ਪਾਰਟੀਆਂ ਨੂੰ ਬਰਾਬਰ ਤਰਜੀਹ ਦਿੰਦੇ ਹੋਏ ਪਹਿਲਾਂ ਆਓ ਪਹਿਲਾਂ ਪਾਓ ਦੀ ਤਰਜ ਦੇ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਦਰਸ਼ ਚੋਣ ਜਾਬਤੇ ਅਨੁਸਾਰ ਜੇਕਰ ਬਿਨ੍ਹਾਂ ਪ੍ਰਵਾਨਗੀ ਕੋਈ ਰੈਲੀ ਸਭਾ ਕੀਤੀ ਤਾਂ ਇਹ ਜਾਬਤੇ ਦੀ ਉਲੰਘਣਾ ਮੰਨੀ ਜਾਵੇਗੀ।
ਇਸੇ ਤਰਾਂ ਉਨ੍ਹਾਂ ਨੇ ਆਖਿਆ ਕਿ ਆਦਰਸ ਚੋਣ ਜਾਬਤੇ ਅਨੁਸਾਰ ਕਿਸੇ ਵੀ ਧਾਰਮਿਕ ਸਥਾਨ ਵਿੱਚ ਕੋਈ ਵੀ ਸਿਆਸੀ ਸਮਾਗਮ ਚੋਣ ਜਾਬਤੇ ਦੌਰਾਨ ਨਹੀਂ ਹੋ ਸਕਦਾ ਹੈ। ਉਨਾਂ ਨੇ ਸਿਆਸੀ ਆਗੂਆਂ ਨੂੰ ਆਖਿਆ ਕਿ ਉਹ ਆਪਣਾ ਚੋਣ ਪ੍ਰਚਾਰ ਆਪਣੀਆਂ ਨੀਤੀਆਂ ਤੇ ਕੇਂਦਰਿਤ ਕਰਨ ਅਤੇ ਦੂਜਿਆਂ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀ ਕਰਨ ਜਾਂ ਅਜਿਹੇ ਫਿਰਕੂ ਭਾਸ਼ਣ ਦੇਣ ਤੋਂ ਗੁਰੇਜ਼ ਕਰਨ ਜਿਸ ਨਾਲ ਸਮਾਜ ਵਿੱਚ ਤਨਾਅ ਪੈਦਾ ਹੋਣ ਦਾ ਡਰ ਹੋਵੇ।ਜਾਤੀ ਜਾਂ ਧਰਮ ਦੇ ਆਧਾਰ ਤੇ ਕੋਈ ਵੀ ਮਤਦਾਨ ਲਈ ਅਪੀਲ ਨਹੀਂ ਕੀਤੀ ਜਾ ਸਕਦੀ।
ਡਿਪਟੀ ਕਮਿਸ਼ਨਰ ਨੇ ਕਿਹਾ ਜਨਤਕ ਸੰਪੱਤੀ ਤੇ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਪ੍ਰਕਾਰ ਦੇ ਪੈਂਫਲਟ, ਪੋਸਟਰ, ਬੈਨਰ, ਫਲੈਕਸ ਨੂੰ ਛਪਾਉਂਦੇ ਸਮੇਂ ਉਸ ਤੇ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂ ਲਿਖਿਆ ਹੋਣਾ ਲਾਜ਼ਮੀ ਹੈ। ਡਿਫੇਸਮੈਂਟ ਆਫ ਪ੍ਰਾਪਰਟੀ ਐਕਟ ਤਹਿਤ ਸਰਕਾਰੀ ਥਾਂ ਤੇ ਕੋਈ ਵੀ ਸਿਆਸੀ ਇਸ਼ਤਿਹਾਰ ਨਹੀਂ ਲਗਾਇਆ ਜਾ ਸਕਦਾ ਅਤੇ ਪ੍ਰਾਈਵੇਟ ਵਿਅਕਤੀ ਦੇ ਥਾਂ ਤੇ ਵੀ ਉਸਦੀ ਸਹਿਮਤੀ ਤੋਂ ਬਿਨਾਂ ਕੋਈ ਸਿਆਸੀ ਇਸਤਿਹਾਰ ਜਾਂ ਝੰਡਾ ਨਹੀਂ ਲਗਾਇਆ ਜਾ ਸਕਦਾ। ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਵਿੱਚ ਜਾਨਵਰਾਂ ਦੀ ਵਰਤੋਂ ਕਰਨ ਤੋਂ ਵਰਜਿਆ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਚਾਰ ਦੇ ਕਾਰਜਾਂ ਵਿੱਚ ਬਾਲ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ । ਜਿਲ਼੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰੇਗਾ ਉਸਦੇ ਖਿਲਾਫ ਆਦਰਸ਼ ਚੌਣ ਜਾਬਤੇ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਲਾ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਨੂੰ ਆਦਰਸ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ


