ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਗੰਧਲਾ ਪਾਣੀ ਦਰਿਆ ਵਿੱਚ ਨਾ ਪਾਇਆ ਜਾਵੇ – ਰਾਜਪਾਲ

Politics Punjab

ਹਰੀਕੇ /ਫ਼ਿਰੋਜ਼ਪੁਰ, 06 ਨਵੰਬਰ 2024:

ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਹਰੀਕੇ ਪੱਤਣ ਵਿਖੇ ਪੈਂਦੇ ਸਤਲੁਜ ਤੇ ਬਿਆਸ ਦਰਿਆ ਦੇ ਸੰਗਮ ਦੇ ਨਿਰੀਖਣ ਉਪਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਦਰਿਆ ਵਿੱਚ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆ ਦੇ ਵਿੱਚ ਨਾ ਪਾਇਆ ਜਾਵੇ। ਸਿਰਫ਼ ਸਾਫ਼ ਸੁਥਰਾ ਤੇ ਕੁਦਰਤੀ ਪਾਣੀ ਹੀ ਦਰਿਆ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਦਰਿਆ ਦਾ ਪਾਣੀ ਵੀ ਲਗਾਤਾਰ ਗੰਧਲਾ ਹੋ ਰਿਹਾ ਹੈ। ਗੰਧਲਾ ਪਾਣੀ ਦਰਿਆ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਦਰਿਆ ਤੇ ਨਿਰਭਰ ਪਸ਼ੂ-ਪੰਛੀਆਂ ਲਈ ਵੀ ਖਤਰਾ ਪੈਦਾ ਕਰਦਾ ਹੈ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੁਦਰਤੀ ਤੌਰ ’ਤੇ ਇਹ ਜਗ੍ਹਾ ਬਹੁਤ ਸੁੰਦਰ ਹੈ ਅਤੇ ਇਸ ਦਾ ਵਿਸ਼ਵ ਪੱਧਰ ’ਤੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਦੁਨੀਆਂ ਤੋਂ ਸੈਲਾਨੀ ਭਾਰੀ ਸੰਖਿਆ ਵਿੱਚ ਇਸ ਜਗ੍ਹਾ ’ਤੇ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੇ ਰਹਿਣ ਸਹਿਣ ਅਤੇ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੇ ਲਈ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ।

ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਵਿੱਚ ਪ੍ਰਵਾਸੀ ਪੰਛੀ ਜੋ ਕਿ ਹਰ ਸਾਲ ਭਾਰੀ ਸੰਖਿਆ ਵਿੱਚ ਵਿਦੇਸ਼ਾਂ ਤੋਂ ਆਉਂਦੇ ਹਨ, ਦੀ ਆਮਦ ਨੂੰ ਵਧਾਉਣ ਦੇ ਯਤਨ ਕੀਤੇ ਜਾਣ। ਇਨ੍ਹਾਂ ਪੰਛੀਆਂ ਦੇ ਆਉਣ ਦੇ ਨਾਲ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਗ੍ਹਾ ਬਹੁਤ ਸੁੰਦਰ ਹੈ ਅਤੇ ਕੁਦਰਤ ਨੇ ਇਸ ਜਗ੍ਹਾ ਉੱਤੇ ਬਹੁਤ ਮਿਹਰ ਕੀਤੀ ਹੈ। ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਜਗ੍ਹਾ ਦੀ ਸੁੰਦਰਤਾ ਨੂੰ ਬਣਾਏ ਰੱਖਿਆ ਜਾਵੇ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਸੁਚੇਤ ਰਹਿਣ ਅਤੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਦੇਣ।

ਇਸ ਉਪਰੰਤ ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਮਿਊਜੀਅਮ ਦੇ ਵਿੱਚ ਵੀ ਵਿਜ਼ਟ ਕੀਤੀ ਅਤੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਖੂਬਸੂਰਤ ਤਸਵੀਰਾਂ ਦੀ ਵੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਅਰੁਣ ਸੇਖੜੀ, ਡੀ.ਸੀ. ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, ਐਸ.ਐਸ.ਪੀ. ਫ਼ਿਰੋਜ਼ਪੁਰ ਸੌਮਿਆ ਮਿਸ਼ਰਾ, ਐਸ.ਡੀ.ਐਮ. ਜੀਰਾ ਗੁਰਮੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *