ਕੋਟ ਧਰਮੂ/ਮਾਨਸਾ, 15 ਮਈ:
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਦੇ ਤਹਿਤ ਜ਼ਿਲ੍ਹਾ ਮਾਨਸਾ ਦੇ ਹਲਕਾ 97-ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਦੇ ਵਾਲ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਸਰਦੂਲਗੜ੍ਹ, ਸ਼੍ਰੀ ਨਿਤੇਸ਼ ਜੈਨ ਆਈ.ਏ.ਐਸ ਵੱਲੋਂ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਆਈ. ਏ.ਐਸ. ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ ਨੇ ਵਿਦਿਆਰਥੀਆਂ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਲੋਕ ਸਭਾ ਚੋਣਾਂ ਵਿੱਚ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ।
ਐਸ.ਡੀ.ਐਮ. ਸ੍ਰੀ ਨਿਤੇਸ਼ ਜੈਨ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 22 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 400 ਵਿਦਿਆਰਥੀਆਂ ਦੀਆਂ 40 ਟੀਮਾਂ ਅਤੇ ਆਰਟ ਕ੍ਰਾਫਟ ਅਧਿਆਪਕਾਂ ਨੇ ਭਾਗ ਲਿਆ ਅਤੇ ਲੋਕਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਕੇ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਸਬੰਧੀ 5 ਹਜ਼ਾਰ ਸਕੁਐਰ ਫੁੱਟ ਦੇ ਏਰੀਏ ਵਿਚ ਵਾਲ ਪੇਂਟਿੰਗਾਂ ਤਿਆਰ ਕੀਤੀਆਂ।
ਇਸ ਮੌਕੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਡੇਰਾ ਨਾਮਧਾਰੀ ਧੰਨ ਧੰਨ ਬਾਬਾ ਸ਼੍ਰੀ ਜੰਗ ਸਿੰਘ ਜੀ ਕੋਟ ਧਰਮੂ ਵੱਲੋਂ ਲੰਗਰ ਪਾਣੀ ਦੀ ਸੇਵਾ ਨਿਭਾਈ ਗਈ। ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਟੀਮ ਵੀ ਤੈਨਾਤ ਕੀਤੀ ਗਈ।
ਇੰਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਦੇਖ ਰੇਖ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਅਤੇ ਉਨ੍ਹਾਂ ਵੱਲੋਂ ਗਠਿਤ ਕੀਤੀ ਗਈ ਟੀਮ ਜਿਸ ਵਿੱਚ ਪ੍ਰਿੰਸੀਪਲ ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਕੁਲਦੀਪ ਸਿੰਘ, ਹੈਡ ਮਾਸਟਰ ਹਰਪ੍ਰੀਤ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨਰਿੰਦਰ ਸਿੰਘ ਮੋਹਲ, ਹਲਕਾ ਸਰਦੂਲਗੜ੍ਹ ਸਵੀਪ ਨੋਡਲ ਅਫ਼ਸਰ ਅੰਗਰੇਜ਼ ਸਿੰਘ ਦੁਆਰਾ ਕੀਤੀ ਗਈ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਉਦਿਤ ਵੋਹਰਾ ਅਤੇ ਮੈਡਮ ਕੁਸੁਮ ਜੈਨ ਬੀ.ਡੀ.ਪੀ.ਓ. ਵੀ ਹਾਜ਼ਰ ਸਨ। ਸਮੁੱਚਾ ਪ੍ਰੋਗਰਾਮ ਡੇਰਾ ਨਾਮਧਾਰੀ ਬਾਬਾ ਸ਼੍ਰੀ ਜੰਗ ਸਿੰਘ ਜੀ ਕੋਟ ਧਰਮੂ, ਨਗਰ ਪੰਚਾਇਤ, ਸਮੂਹ ਸਟਾਫ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਕੋਟ ਧਰਮੂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ।
ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ


