ਮੋਗਾ, 27 ਮਾਰਚ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਸ਼ੁਭੀ ਆਂਗਰਾ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਟੀਮ ਵੱਲੋਂ ਨੌਜਵਾਨ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ: ਗੁਰਪ੍ਰੀਤ ਸਿੰਘ ਘਾਲੀ, ਹਲਕਾ ਮੋਗਾ 073 ਤੋਂ ਅਮਨਦੀਪ ਗੋਸਵਾਮੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ: ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਕਾਲਜ ਸਟਾਫ਼/ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ 2024 ਲਈ 1 ਜੂਨ, 2024 ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਵੋਟ ਅਜੇ ਤੱਕ ਨਹੀਂ ਬਣੀ ਹੈ ਤਾਂ ਵੀ ਉਹ ਆਪਣੀ ਵੋਟ ਬਣਵਾ ਸਕਦੇ ਹਨ। ਵੋਟਿੰਗ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਮਦਦ ਲਈ, ਆਪਣੇ ਫ਼ੋਨ ਵਿੱਚ ਵੋਟਰ ਹੈਲਪਲਾਈਨ ਐਪ ਨੂੰ ਸਥਾਪਿਤ ਕਰਨਾ ਚਾਹੀਦਾ ਹੈ। ਇਸ ਐਪ ਰਾਹੀਂ, ਆਪਣੀ ਵੋਟ ਪਾਉਣ ਦੇ ਨਾਲ, ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ, ਵੋਟ ਕੱਟਣ ਆਦਿ ਦੀਆਂ ਸਹੂਲਤਾਂ ਲਈਆਂ ਜਾ ਸਕਦੀਆਂ ਹਨ। ਅਪਾਹਜ ਵੋਟਰ ਆਪਣੇ ਫੋਨ ‘ਤੇ ਸਕਸ਼ਮ ਐਪ ਨੂੰ ਸਥਾਪਿਤ ਕਰ ਸਕਦੇ ਹਨ ਅਤੇ ਬੂਥ ‘ਤੇ ਉਪਲਬਧ ਵੋਟਾਂ ਅਤੇ ਸਹਾਇਤਾ ਬਾਰੇ ਜਾਣ ਸਕਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਅਰਜ਼ੀ ਵੀ ਦੇ ਸਕਦੇ ਹਨ।
ਜੇਕਰ ਚੋਣਾਂ ਦੌਰਾਨ ਕੁਝ ਗਲਤ ਹੁੰਦਾ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ, ਤਾਂ ਸੀ-ਵਿਜ਼ਲ ਐਪ ‘ਤੇ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਹ ਸਾਰੀਆਂ ਐਪਸ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਮਿਲਣਗੀਆਂ। ਚੋਣਾਂ ਜਾਂ ਵੋਟਿੰਗ ਨਾਲ ਸਬੰਧਤ ਕਿਸੇ ਵੀ ਸ਼ੰਕੇ ਨੂੰ ਦੂਰ ਕਰਨ ਲਈ ਹੈਲਪਲਾਈਨ ਨੰਬਰ 1950 ‘ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਪ੍ਰੋ: ਘਾਲੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਬਜ਼ੁਰਗ ਵੋਟਰਾਂ ਨੂੰ ਲੱਭ ਕੇ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਨਾਲ ਹੀ ਉਨ੍ਹਾਂ ਨੂੰ ਬੂਥ ‘ਤੇ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਵ੍ਹੀਲ ਚੇਅਰ ਦੀ ਸਹੂਲਤ, ਬੈਠਣ ਲਈ ਕੁਰਸੀਆਂ , ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ, ਟਾਇਲਟ ਸਹੂਲਤਾਂ, ਵਾਲੰਟੀਅਰ ਆਦਿ ਬਾਰੇ ਜਾਗਰੂਕ ਕਰਨ।
ਅਮਨਦੀਪ ਗੋਸਵਾਮੀ ਨੇ ਨੌਜਵਾਨਾਂ ਨਾਲ ਵੋਟਿੰਗ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸਤ ਕੀਤੀ। ਇਸ ਸਮੇਂ ਕਾਲਜ ਸਵੀਪ ਇੰਚਾਰਜ ਮਨਪ੍ਰੀਤ ਕੌਰ ਨੇ ਵੀ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਮਿਲ ਕੇ ਆਪਣੇ ਦੇਸ਼ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣਾ ਚਾਹੀਦਾ ਹੈ। ਇਸ ਸਮੇਂ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਦਿਆਂ ਆਏ ਹੋਏ ਹਰ ਵਿਅਕਤੀ ਨੇ ਵਿਦਿਆਰਥੀਆਂ ਦੀਆਂ ਚੁਣਾਵਾਂ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਤੋਂ ਈ.ਵੀ.ਐਮ ਨਾਲ ਸਬੰਧਤ ਪ੍ਰਾਪਤ ਸਵਾਲਾਂ ਦੇ ਜਵਾਬ ਦਿੱਤੇ ਅਤੇ ਟੀਮ ਨੇ ਭਰੋਸਾ ਦਿਵਾਇਆ ਕਿ ਈਵੀਐਮ ਵੋਟ ਪਾਉਣ ਦਾ ਇੱਕ ਸੁਰੱਖਿਅਤ ਤਰੀਕਾ ਹੈ। ਇਸ ਸਮੇਂ ਵੀ.ਵੀ.ਪੈਟ ਮਸ਼ੀਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।