ਮਾਨਸਾ, 03 ਫਰਵਰੀ :
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।
ਹੁਕਮ ਵਿੱਚ ਕਿਹਾ ਗਿਆ ਕਿ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰਾਪਤ ਪੱਤਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਅਕਸਰ ਹੀ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਆਦਿ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਮੇਨ ਗੇਟ ’ਤੇ ਰੋਸ ਜਾਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਇਸ ਨਾਲ ਜਿੱਥੇ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਉੱਥੇ ਨਾਲ ਹੀ ਥਰਮਲ ਪਲਾਂਟ ਦਾ ਕੰਮ-ਕਾਜ ਵੀ ਪ੍ਰਭਾਵਿਤ ਹੁੰਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਪੰਜਾਬ ਰਾਜ ਦੇ ਮਹੱਤਵਪੂਰਨ ਥਰਮਲ ਪਲਾਟਾਂ ਵਿੱਚੋਂ ਇੱਕ ਹੋਣ ਕਰਕੇ ਭਵਿੱਖ ਵਿੱਚ ਜੇਕਰ ਕਿਸੇ ਵੀ ਜੱਥੇਬੰਦੀ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਵਿਖੇ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਥਰਮਲ ਪਲਾਂਟ ਤੋਂ 500 ਮੀਟਰ ਦੀ ਦੂਰੀ ’ਤੇ ਹੀ ਕਰਨ, ਤਾਂ ਜੋ ਥਰਮਲ ਪਲਾਂਟ ਦਾ ਕੰਮ ਪ੍ਰਭਾਵਿਤ ਨਾ ਹੋਵੇ।
ਇਹ ਹੁਕਮ 31 ਮਾਰਚ 2024 ਤੱਕ ਲਾਗੂ ਰਹੇਗਾ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ


