ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜੀਹ – ਡਾ. ਰਵਜੋਤ ਸਿੰਘ

Amritsar Politics Punjab

ਅੰਮ੍ਰਿਤਸਰ 22 ਨਵੰਬਰ 2024 –

                ਅੰਮ੍ਰਿਤਸਰ ਸ਼ਹਿਰ ਵਿੱਚ ਵੱਖ ਵੱਖ ਵਿਭਾਗਾਂ ਦੇ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸਵੱਛ ਪਾਣੀ, ਸਾਫ਼ ਸਫ਼ਾਈ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜੀਹ ਹੈ।

                ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਮੌਕੇ ਹਾਜ਼ਰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਸ਼ਹਿਰ ਦੀ ਸਾਫ਼ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਥੇ ਕਿੱਥੇ ਵੀ ਕੂੜੇ ਦੇ ਢੇਰ ਪਏ ਹਨ ਨੂੰ ਚੁੱਕ ਕੇ ਡੰਪ ਵਾਲੀ ਥਾਂ ਤੇ ਉਸਦਾ ਵਿਗਿਆਨਿਕ ਢੰਗ ਨਾਲ ਨਿਪਟਾਰਾ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਾ ਭਰਿਆ ਬਣਾਇਆ ਜਾਵੇ।

   ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੀ ਸੀਵਰੇਜ ਦੀ ਸਾਫ਼ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸੀਵਰੇਜ ਦਾ ਗੰਦਾ ਪਾਣੀ ਸੜ੍ਹਕਾਂ ਤੇ ਨਾ ਆ ਸਕੇ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਸੀਵਰੇਜ ਨੂੰ ਬਦਲਣ ਦੀ ਤਜਵੀਜ਼ ਬਣਾ ਕੇ ਭੇਜੀ ਜਾਵੇ ਤਾਂ ਜੋ ਨਵਾਂ ਸੀਵਰੇਜ ਪਾਇਆ ਜਾ ਸਕੇ।

                ਉਹਨਾਂ  ਨੇ ਅਧਿਕਾਰੀਆਂ ਪਾਸੋਂ ਵਖ ਵੱਖ ਸਕੀਮਾਂ ਅਧੀਨ ਚਲ ਰਹੇ ਪ੍ਰੋਜੈਕਟਾਂ ਦੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ ਅਤੇ ਅਦੇਸ਼ ਜਾਰੀ ਕੀਤੇ ਕਿ ਅਣਵਰਤੇ ਫੰਡਾਂ ਨੂੰ ਜਲਦ ਤੋਂ ਜਲਦ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਪਾਈ ਗਈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਜੇਕਰ ਵਿਕਾਸ ਕਾਰਜਾਂ ਲਈ ਹੋਰ ਵਧੇਰੇ ਫੰਡੇ ਚਾਹੀਦੇ ਹਨ ਤਾਂ ਉਸਦੀ ਮੁਕੰਮਲ ਤਜਵੀਜ ਬਣਾ ਕੇ ਭੇਜੀ ਜਾਵੇ ਤਾਂ ਜੋ ਹੋਰ ਫੰਡ ਮੁਹੱਈਆ ਕਰਵਾਏ ਜਾ ਸਕਣ। ਉਨਾਂ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਸ ਵੀ ਹਲਕੇ ਵਿੱਚ ਕੰਮ ਕਰਵਾਏ ਜਾਣੇ ਹਨ ਉੱਥੋਂ ਦੇ ਲੋਕਾਂ ਦੁਆਰਾ ਚੁਣੇ ਗਏ ਵਿਧਾਇਕ ਸਾਹਿਬਾਨ ਦਾ ਮਸ਼ਵਰਾ ਜਰੂਰ ਲਿਆ ਜਾਵੇ ਕਿਉਂਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਸਮਝਦੇ ਹਨ।

                ਡਾ. ਰਵਜੋਤ ਸਿੰਘ ਨੇ ਅੰਮ੍ਰਿਤਸਰ ਵਿਖੇ ਵੱਖ-ਵੱਖ ਸਕੀਮਾਂ ਅਧੀਨ ਚਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਚਲ ਰਹੇ ਪ੍ਰੋਜੈਕਟਾਂ ਵਿੱਚ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਗੁਣਵੱਤਾ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਅਧਿਕਾਰੀਆਂ ਨੁੰ ਹਦਾਇਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਪੀਣ ਵਾਲੇ ਪਾਣੀ ਨੂੰ ਸੀਵਰੇਜ ਦੂਸ਼ਿਤ ਨਾ ਕਰੇ।

                ਇਸ ਤੋਂ ਇਲਾਵਾ ਉਨਾਂ ਨੇ ਨਗਰ ਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸੀਸੀਟੀਵੀ ਕੈਮਰੇ, ਕੂੜੇ ਦੀ ਸਮੱਸਿਆ ਨੂੰ ਪਹਿਲੀ ਤਰਜੀਹ ਵਿੱਚ ਸ਼ਾਮਿਲ ਕਰਨ,  ਬੀਆਰਟੀਐਸ ਨੂੰ ਮੁੜ ਚਾਲੂ ਕਰਨ ਦੀ ਤਜਵੀਜ ਬਣਾਉਣ ਦੀ ਹਦਾਇਤ ਵੀ ਕੀਤੀ। ਇਸ ਮੀਟਿੰਗ ਵਿੱਚ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ: ਜਸਬੀਰ ਸਿੰਘ ਸੰਧੂ, ਵਿਧਾਇਕ ਮੈਡਮ ਜੀਵਨਜੋਤ ਕੌਰ, ਚੇਅਰਮੈਨ ਨਗਰ ਸੁਧਾਰ ਟਰਸੱਟ ਸ੍ਰੀ ਅਸ਼ੋਕ ਤਲਵਾਰ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ: ਜਸਪ੍ਰੀਤ ਸਿੰਘ, ਪਨਸਪ ਦੇ ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਸ੍ਰੀ ਮਨੀਸ਼ ਅਗਰਵਾਲ ਅਤੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ , ਸ੍ਰੀ ਨਵਨੀਤ ਸ਼ਰਮਾ ,ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ, ਰੀਜ਼ਨਲ ਟਰਾਂਸਪੋਰਟ ਅਥਾਰਿਟੀ ਸ: ਖੁਸ਼ਦਿਲ ਸਿੰਘ, ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਐਸ.ਡੀ.ਐਮ. ਸ: ਗੁਰਸਿਮਰਨ ਸਿੰਘ ਵੀ ਹਾਜ਼ਰ ਸਨ।