ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲਾਂ ‘ਚ ਵਾਟਰ ਟਰੀਟਮੈਂਟ ਪਲਾਂਟਾਂ ਲਈ ਜ਼ਮੀਨ ਨੂੰ ਅੰਤਿਮ ਰੂਪ ਦੇਣ ਦੀ ਸਮੀਖਿਆ

Ludhiana Politics Punjab

ਲੁਧਿਆਣਾ, 29 ਅਗਸਤ (000) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਵਿੱਚ 24×7 ਨਹਿਰੀ ਪਾਣੀ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਤਹਿਤ ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ.) ਸਥਾਪਤ ਕਰਨ ਲਈ ਜ਼ਮੀਨਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ ਅਤੇ ਇਸ ਨੂੰ ਕਾਰਜਕਾਰੀ ਏਜੰਸੀ ਵਜੋਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨਾਲ ਮਿਲ ਕੇ ਅਮਰੁਤ 2.0 ਸਕੀਮ ਅਧੀਨ ਚਲਾਇਆ ਜਾ ਰਿਹਾ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਰੁਪਿੰਦਰਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ) ਨਵਦੀਪ ਕੌਰ, ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਖੰਨਾ, ਦੋਰਾਹਾ, ਪਾਇਲ, ਜਗਰਾਉਂ, ਮੁੱਲਾਂਪੁਰ ਦਾਖਾ, ਸਮਰਾਲਾ, ਮਾਛੀਵਾੜਾ, ਰਾਏਕੋਟ, ਸਾਹਨੇਵਾਲ, ਅਤੇ ਨਗਰ ਪੰਚਾਇਤ ਮਲੌਦ ਸਮੇਤ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨਾਲ ਜ਼ਮੀਨ ਨੂੰ ਅੰਤਿਮ ਰੂਪ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਜ਼ਿਆਦਾਤਰ ਕੌਂਸਲਾਂ ਵਿੱਚ ਡਬਲਯੂ.ਟੀ.ਪੀਜ਼ ਲਈ ਜ਼ਮੀਨ ਪਹਿਲਾਂ ਹੀ ਤੈਅ ਹੋ ਚੁੱਕੀ ਹੈ ਅਤੇ ਸਬੰਧਤ ਵਿਭਾਗ ਜਲਦ ਤੋਂ ਜਲਦ ਜ਼ਮੀਨ ਸੌਂਪਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਅਗਲੇ ਮੰਗਲਵਾਰ ਤੱਕ ਜ਼ਮੀਨ ਨੂੰ ਅੰਤਿਮ ਰੂਪ ਦੇਣ ਲਈ ਸਾਹਨੇਵਾਲ ਅਤੇ ਪਾਇਲ ਨਗਰ ਕੌਂਸਲਾਂ ਵਿੱਚ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਨਾਲ ਡੀ.ਡੀ.ਪੀ.ਓ ਅਤੇ ਕਾਰਜਸਾਧਕ ਅਫ਼ਸਰਾਂ  ਦੁਆਰਾ ਸਾਂਝੇ ਨਿਰੀਖਣ ਕਰਨ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਪ੍ਰੋਜੈਕਟ ਦੀ ਹਫ਼ਤਾਵਾਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਡਬਲਯੂ.ਟੀ.ਪੀਜ਼ ‘ਤੇ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ।

ਇਸ ਮੌਕੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਬਲਰਾਜ ਸਿੰਘ ਗਿੱਲ, ਸੁਪਿੰਦਰ ਸਿੰਘ ਵੀ ਹਾਜ਼ਰ ਸਨ।