ਡਿਪਟੀ ਕਮਿਸ਼ਨਰ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ

Moga

ਮੋਗਾ, 19 ਅਪ੍ਰੈਲ:
ਦਿਵਿਆਂਗ ਵੋਟਰਾਂ ਦੀ ਪੋਲਿੰਗ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੀਆਂ ਵੋਟਾਂ ਨਾਲ ਸਬੰਧਤ ਸਮੱਸਿਆਵਾਂ ਦੇ ਨਿਪਟਾਰੇ ਲਈ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਦਿਵਿਆਂਗ ਵੋਟਰਾਂ ਨਾਲ ਇੱਕ ਵਿਸ਼ੇਸ਼ ਸਵੀਪ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ (ਜ਼)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ, ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਤੇ ਵੱਡੀ ਗਿਣਤੀ ਵਿੱਚ ਦਿਵਿਆਂਗ ਵੋਟਰ ਮੌਜੂਦ ਸਨ।
ਦਿਵਿਆਂਗ ਵੋਟਰਾਂ ਨੂੰ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਉੱਪਰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਦਿਵਿਆਂਗ ਵੋਟਰ ਸ਼ਕਸ਼ਮ ਐਪ ਰਾਹੀਂ ਪਿੱਕ ਐਂਡ ਡਰਾਪ ਸਮੇਤ ਹੋਰ ਵੀ ਅਨੇਕਾਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਰਮੀ ਦੀ ਰੁੱਤ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਉੱਪਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਮੈਡੀਕਲ ਸਹੂਲਤਾਂ, ਪਾਣੀ, ਪਖਾਨੇ, ਵੀਲ੍ਹ ਚੇਅਰ, ਸ਼ਾਮਿਆਨੇ ਆਦਿ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਵੋਟ ਫੀਸਦੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਦਿਵਿਆਂਗ ਵੋਟਰਾਂ ਨੂੰ ਡਿਪਟੀ ਕਮਿਸ਼ਨਰ ਨੇ ਖੁਦ ਰਿਫਰੈਸ਼ਮੈਂਟ ਦੀ ਵੰਡ ਕੀਤੀ ਅਤੇ ਉਨ੍ਹਾਂ ਨਾਲ ਚੋਣਾਂ ਨਾਲ ਸਬੰਧਤ ਵਾਰਤਾਲਾਪ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰਿਤਪਾਲ ਸਿੰਘ ਵੱਲੋਂ ਗਜ਼ਲ, ਪੂਨਮ ਲੈਕਚਰਰ ਵੱਲੋਂ ਕਵਿਤਾ ਤੇ ਬਲਵਿੰਦਰ ਸਿੰਘ ਲੈਕਚਰਰ ਵੱਲੋਂ ਵੋਟਾਂ ਸਬੰਧੀ ਭਾਸ਼ਣ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਇੰਦਰਪ੍ਰੀਤ ਕੌਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਸਾਡੇ ਵਿਸ਼ਵਾਸ਼ ਤੇ ਦਿੜ੍ਹਤਾ ਵਿੱਚ ਦਿਵਿਆਂਗਤਾ ਦੀ ਵਜੂਦਗੀ ਨਹੀਂ ਹੋਵੇਗੀ ਉਦੋਂ ਤੱਕ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਸਰੀਰਿਕ ਦਿਵਿਆਂਗਤਾ ਰਾਹ ਵਿੱਚ ਰੋੜ੍ਹਾ ਨਹੀਂ ਬਣ ਸਕਦੀ। ਦੁਨੀਆਂ ਵਿੱਚ ਅਜਿਹੀਆਂ ਅਨੇਕਾਂ ਹੀ ਉਹਾਰਨਾਂ ਹਨ ਜਿਹਨਾਂ ਨਾਲ ਇਹ ਸਿੱਧ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਟੀਫ਼ਨ ਵਿਲੀਅਮ ਹਾਕਿੰਗ ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ ‘ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਹਾਕਿੰਗ ਨੇ 17 ਸਾਲ ਦੀ ਉਮਰ ਵਿੱਚ ਭੌਤਿਕ ਵਿਗਿਆਨ ਵਿੱਚ ਪਹਿਲੀ ਸ਼੍ਰੇਣੀ ਦੀ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਸਦੀਆਂ ਪ੍ਰਾਪਤੀਆਂ ਸਧਾਰਨ ਵਿਅਕਤੀ ਦੇ ਦਿਮਾਗ ਨਾਲੋਂ ਕਿਤੇ ਵੱਧ ਸਨ। ਦਿਵਿਆਂਗਜਨਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਫੀਸਦੀ 70 ਤੋਂ ਪਾਰ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਦਾ  ਵਿਸ਼ਾਵਾਸ਼ ਦਿਵਾਇਆ। ਦਿਵਿਆਂਗਜਨਾਂ ਨੇ ਕਿਹਾ ਕਿ ਉਹ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਹੋਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣਨਗੇ।
ਦਿਵਿਆਂਗ ਵੋਟਰ ਡਿਪਟੀ ਕਮਿਸ਼ਨਰ ਦਾ ਭਾਸ਼ਣ ਸੁਣ ਕੇ ਬੜੇ ਉਤਸ਼ਾਹਿਤ ਹੋਏ। ਸਮੂਹ ਦਿਵਿਆਂਗਜਨਾਂ ਵੱਲੋਂ ਦਸਤਖਤ ਮੁਹਿੰਮ ਵਿੱਚ ਵੀ ਹਿੱਸਾ ਲਿਆ ਗਿਆ ਉਨ੍ਹਾਂ ਡਿਪਟੀ ਕਮਿਸ਼ਨਰ ਨਾਲ ਦਸਤਖਤ ਕਰਕੇ ਵੋਟ ਨੂੰ ਲਾਜ਼ਮੀ ਤੌਰ ਉੱਪਰ ਵਰਤਣ ਦਾ ਪ੍ਰਣ ਲਿਆ। ਡਿਪਟੀ ਕਮਿਸ਼ਨਰ ਦੀਆਂ ਗੱਲਾਂ ਨੇ ਦਿਵਿਆਂਗ ਵੋਟਰਾਂ ਵਿੱਚ ਵਿਲੱਖਣ ਜ਼ਜਬਾ ਭਰਿਆ।