ਮੋਗਾ 20 ਅਪ੍ਰੈਲ:
ਹਰਿਆਣਾ ਅਤੇ ਬਰਨਾਲਾ ਵਿਖੇ ਸਕੂਲੀ ਬੱਸ ਦੇ ਹਾਦਸਿਆਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਸਕੂਲਾਂ ਨੂੰ ਸੇਫ਼ ਸਕੂਲ ਵਾਹਨ ਸਕੀਮ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕਰਨ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਮੋਗਾ ਦੇ ਸਮੂਹ ਸਕੂਲ ਪ੍ਰਬੰਧਕਾਂ ਅਤੇ ਸਕੂਲ ਬੱਸ ਪ੍ਰੋਵਾਈਡਰਾਂ ਨਾਲ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਐਸ. ਡੀ.ਐਮ.-ਕਮ-ਆਰ. ਟੀ.ਓ.ਮੋਗਾ ਸਾਰੰਗਪ੍ਰੀਤ ਸਿੰਘ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਹਰੇਕ ਸਕੂਲ ਵਿੱਚ ਟਰਾਂਸਪੋਰਟ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਪ੍ਰਿੰਸੀਪਲ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ।ਸਕੂਲੀ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਅਣਗਿਹਲੀ ਬਰਦਾਸ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਹ ਕਮੇਟੀ ਸਮੇਂ-ਸਮੇਂ ‘ਤੇ ਵਾਹਨਾਂ, ਡਰਾਈਵਰਾਂ ਦੀ ਚੈਕਿੰਗ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਕਰਨ ਦੀ ਪਾਬੰਦ ਹੋਵੇਗੀ। ਉਹਨਾਂ ਸਕੂਲ ਪ੍ਰਬੰਧਕਾਂ ਨੂੰ ਇਸ ਸਬੰਧੀ ਇੱਕ ਹਫ਼ਤੇ ਵਿੱਚ ਕਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਉਹਨਾਂ ਟਰਾਂਸਪੋਰਟ ਅਤੇ ਟ੍ਰੈਫਿਕ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਚਲਦੀਆਂ ਸਕੂਲੀ ਬੱਸਾਂ ਦੀ ਨਿਯਮਤ ਤੌਰ ‘ਤੇ ਚੈਕਿੰਗ ਕਰਨ ਅਤੇ ਲੋੜ ਪੈਣ ‘ਤੇ ਚਲਾਨ ਕੱਟਣ ਨੂੰ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਉਹਨਾਂ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਮਹਿਲਾ ਅਟੈਂਡੈਂਟ, ਡਰਾਈਵਰਾਂ ਦੀ ਸਹੀ ਵਰਦੀ, ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ ਆਦਿ ਸਹੂਲਤਾਂ ਲਈ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਬੱਸਾਂ ਦਾ ਵੈਧ ਫਿਟਨੈਸ ਸਰਟੀਫਿਕੇਟ ਹੋਣਾ ਚਾਹੀਦਾ ਹੈ, ਡਰਾਈਵਰ ਦਾ ਲਾਇਸੈਂਸ ਅਤੇ ਚੰਗਾ ਰਿਕਾਰਡ ਹੋਣਾ ਚਾਹੀਦਾ ਹੈ, ਬੱਸਾਂ ਵਿੱਚ ਬੱਸ ਦੀ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਨਹੀਂ ਲਿਜਾਣਾ ਚਾਹੀਦਾ ਹੈ।
ਮੀਟਿੰਗ ਵਿਦਿਆਰਥੀਆਂ ਵੱਲੋਂ ਬੁਲੇਟ ਬਾਈਕ ਦੀ ਵਰਤੋਂ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਬਾਰੇ ਵੀ ਚਰਚਾ ਕੀਤੀ ਗਈ। ਇਸ ਉਪਰ ਸਿੱਖਿਆ, ਪੁਲਿਸ ਅਤੇ ਸਕੂਲਾਂ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਕਾਊਂਸਲਿੰਗ ਕਰਕੇ ਕਾਬੂ ਪਾਇਆ ਜਾਵੇਗਾ।