ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਿਲੇ ਵਿੱਚ ਹੀਟ ਵੇਵ ਤੋਂ ਬਚਾਓ ਸਬੰਧੀ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Fatehgarh Sahib Politics Punjab

ਫ਼ਤਹਿਗੜ੍ਹ ਸਾਹਿਬ, 12  ਅਪ੍ਰੈਲ

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹੀਟ ਵੇਵ-2025 ਬਾਰੇ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਜ਼ਿਲੇ ਦੇ ਲੋਕਾਂ ਨੂੰ ਹੀਟ ਵੇਵ ਤੋਂ ਬਚਾਉਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਪੁਖਤਾ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਨੂੰ ਹੀਟ ਵੇਵ ਸਬੰਧੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ। 

ਡਾ. ਸੋਨਾ ਥਿੰਦ ਨੇ ਜ਼ਿਲੇ ਦੀਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਚ ਪੈਂਦੇ ਸਮੂਹ ਸ਼ਹਿਰਾਂ ਦੇ ਪ੍ਰਮੁੱਖ ਸਥਾਨਾਂ ਉੱਤੇ ਤਾਪਮਾਨ ਦੀ ਜਾਣਕਾਰੀ ਦਰਸਾਉਣ ਵਾਲੇ ਉਪਕਰਨ ਲਗਾਏ ਜਾਣ ਅਤੇ ਬਸ ਸਟੈਂਡ ਤੇ ਹੋਰ ਜਨਤਕ ਥਾਵਾਂ ਤੇ ਲੋਕਾਂ ਨੂੰ ਧੁੱਪ ਤੋਂ ਬਚਾ ਸਬੰਧੀ ਲੋੜੀਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਧੁੱਪੇ ਨਾ ਖੜਨਾ ਪਵੇ। ਉਹਨਾਂ ਖੇਤਰੀ ਟਰਾਂਸਪੋਰਟ ਦਫਤਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਵਾਸਤੇ ਠੰਡੇ ਪਾਣੀ ਦੇ ਰਹਿਬਰ ਰਖਵਾਉਣੇ ਯਕੀਨੀ ਬਣਾਏ ਜਾਣ। 

ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹੀਟ ਵੇਵ ਤੋਂ ਬਚਾਓ ਸਬੰਧੀ ਜਾਰੀ ਕੀਤੀ ਐਡਵਾਈਜਰੀ ਦੀ ਪਾਲਣਾ ਕੀਤੀ ਜਾਵੇ ਅਤੇ ਮੌਸਮ ਸਬੰਧੀ ਜਾਣਕਾਰੀ ਦੇਣ ਵਾਲੀ ਮੋਬਾਈਲ ਐਪ ਸੁਚੇਤ ਆਪਣੇ ਮੋਬਾਈਲ ਫੋਨ ਵਿੱਚ ਜਰੂਰ ਰੱਖੀ ਜਾਵੇ ਤਾਂ ਜੋ ਤਾਪਮਾਨ ਸਬੰਧੀ ਸਹੀ ਜਾਣਕਾਰੀ ਹਾਸਲ ਹੋ ਸਕੇ। ਇਸ ਤੋਂ ਇਲਾਵਾ, ਮੌਸਮ ਵਿਭਾਗ ਦੀ ਵੈੱਬਸਾਈਟ [http://mausam.imd.gov.in/] ਤੋਂ ਮੌਸਮ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਇਹ ਵੀ ਕਿਹਾ ਕਿ ਇਸ ਮੌਸਮ ਦੌਰਾਨ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਗਾਮੀ ਦਿਨਾਂ ਦੌਰਾਨ ਜਿਆਦਾ ਗਰਮੀ ਪੈਣ ਅਤੇ ਲੂ ਚੱਲਣ ਦੀ ਸੰਭਾਵਨਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਹੀਟ ਅਲਰਟ ਜਾਰੀ ਕਰਨ, ਹੀਟ ਅਲਰਟ ਦੌਰਾਨ ਰਿਪੋਰਟਾਂ ਨੂੰ ਵਿਚਾਰਨ, ਤਾਜੇ ਪੀਣ ਯੋਗ ਪਾਣੀ ਦਾ ਪ੍ਰਬੰਧ ਕਰਨ, ਹਸਪਤਾਲਾਂ ਆਦਿ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਚਲਾਉਣ ਲਈ ਆਦੇਸ਼ ਦਿੱਤੇ। ਉਨ੍ਹਾਂ ਸਿਹਤ ਵਿਭਾਗ ਨੂੰ ਗਰਮੀ ਸਬੰਧੀ ਬਿਮਾਰੀਆਂ ਤੋਂ ਬਚਾਓ ਬਾਰੇ ਜਾਗਰੂਕ ਕਰਨ, ਸਾਰੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਦਵਾਈਆਂ, ਓ.ਆਰ.ਐਸ. ਅਤੇ ਹੋਰ ਲੋੜੀਂਦਾ ਸਮਾਨ ਤੇ ਸਟਾਫ ਉਪਲਭਧ ਰੱਖਣ, ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਹਦਾਇਤ ਵੀ ਕੀਤੀ।

ਡਾ. ਸੋਨਾ ਥਿੰਦ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਆਸ਼ਾ ਵਰਕਰਾਂ ਸਮੇਤ ਸਾਰੇ ਪੈਰਾ- ਮੈਡੀਕਲ ਸਟਾਫ ਨੂੰ ਹੀਟ ਵੇਵ ਤੋਂ ਬਚਾਅ ਸਬੰਧੀ ਸਿਖਲਾਈ ਦਿੱਤੀ ਜਾਵੇ ਅਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੀਟ ਵੇਵ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ ਹਰੇਕ ਵਿਅਕਤੀ ਤੱਕ ਪਹੁੰਚ ਸਕੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਲਈ ਪੀਣ ਯੋਗ ਤਾਜ਼ੇ ਪਾਣੀ, ਛਾਂ, ਪਖ਼ਾਨਿਆਂ ਆਦਿ ਦਾ ਪ੍ਰਬੰਧ ਮੁਕੰਮਲ ਰੱਖਣ ਲਈ ਕਿਹਾ। ਇਸ ਦੇ ਨਾਲ ਹੀ ਨਗਰ ਕੌਂਸਲਾਂ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਕਾਮਿਆਂ ਲਈ ਪਾਣੀ ਅਤੇ ਛਾਂ ਦਾ ਪ੍ਰਬੰਧ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਪਸ਼ੂ ਪਾਲਣ ਵਿਭਾਗ ਨੂੰ ਪਸ਼ੂ/ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਲਾਹਕਾਰੀ ਆਦਿ ਰਾਹੀਂ ਜਾਣਕਾਰੀ ਦੇਣ ਅਤੇ ਪਸ਼ੂ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਲਈ ਕਿਹਾ। ਜਨਤਕ ਥਾਵਾਂ ‘ਤੇ ਬੱਸ ਅੱਡਿਆਂ ਉਪਰ ਪੀਣ ਵਾਲੇ ਠੰਡੇ ਪਾਣੀ, ਛਾਂ, ਸ਼ੈੱਡ ਆਦਿ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ। 

ਡਾ. ਸੋਨਾ ਥਿੰਦ ਨੇ ਕਿਹਾ ਕਿ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਤਬਦੀਲੀ ਕਾਰਨ ਵਾਇਰਲ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਕੰਮ ਕਰਦੇ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ, ਸਿੱਧੀ ਧੁੱਪ ਤੋਂ ਸਿਰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਸਿੱਧੀ ਧੁੱਪ ‘ਚ ਪੱਗ ਜਾਂ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਸਮੀ ਫਲਾਂ ਅਤੇ ਸਬਜ਼ੀਆਂ ਜਿਵੇਂ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰਾ, ਟਮਾਟਰ, ਤੋਰੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਗਰਮੀ ਅਤੇ ਲੂ ਤੋਂ ਬਚਾਓ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦਾ ਪਾਲਣ ਕਰਨ ਦੀ ਅਪੀਲ ਕੀਤੀ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐੱਸ ਡੀ ਐੱਮ ਫਤਹਿਗੜ੍ਹ ਸਾਹਿਬ ਅਰਵਿੰਦ ਗੁਪਤਾ, ਐੱਸ ਡੀ ਐੱਮ ਅਮਲੋਹ ਚੇਤਨ ਬੰਗੜ, ਐੱਸ ਡੀ ਐੱਮ ਖਮਾਣੋ ਮਨਰੀਤ ਰਾਣਾ, ਐੱਸ ਡੀ ਐੱਮ ਬਸੀ ਪਠਾਣਾ ਹਰਬੀਰ ਕੌਰ, ਜ਼ਿਲਾ ਮਾਲ ਅਫਸਰ ਕਰੁਣੇਸ਼ ਗੁਪਤਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Leave a Reply

Your email address will not be published. Required fields are marked *