ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪਿੰਡ ਸੁਰੱਖਿਆ ਕਮੇਟੀਆਂ ਨਾਲ ਬੈਠਕ

Fazilka Politics Punjab

ਜਲਾਲਾਬਾਦ ( ਫਾਜਿਲ਼ਕਾ ) 12 ਸਤੰਬਰ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਅੱਜ ਉਪਮੰਡਲ ਜਲਾਲਾਬਾਦ ਦੇ ਸਰਹੱਦੀ ਪਿੰਡ ਜੋਧਾ ਭੈਣੀ ਵਿਖੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਦੇ ਵਿਕਾਸ ਅਤੇ ਸਰਹੱਦੀ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਹਮੇਸਾਂ ਦੇਸ਼ ਦੀਆਂ ਸੁਰੱਖਿਆ ਏਂਜਸੀਆਂ ਨਾਲ ਤਾਲਮੇਲ ਰੱਖਦੇ ਹਨ ਅਤੇ ਮਾੜੇ ਅਨਸਰਾਂ ਦੀ ਹਰੇਕ ਗਤੀਵਿਧੀ ਦੀ ਸੂਚਨਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਅਜਿਹੇ ਮਾੜੇ ਅਨਸਰਾਂ ਖਿਲਾਫ ਲਾਮਬੰਦ ਹੋਵਾਂਗੇ ਤਾਂ ਅਸੀਂ ਇੰਨ੍ਹਾਂ ਨੂੰ ਹਰਾ ਸਕਾਂਗੇ। ਉਨ੍ਹਾਂਨੇ ਕਿਹਾ ਕਿ ਨਸ਼ੇ ਤੋਂ ਪੀੜਤਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ ਅਤੇ ਅਜਿਹੇ ਲੋਕਾਂ ਦੀ ਪਹਿਚਾਣ ਵੀ ਪ੍ਰਗਟ ਨਹੀਂ ਕੀਤੀ ਜਾਂਦੀ ਜੋ ਆਪਣਾ ਇਲਾਜ ਕਰਵਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਦੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਜਲਦ ਹੱਲ ਦਾ ਵਾਅਦਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਹੱਦੀ ਪਿੰਡਾਂ ਵਿਚ ਪਿੰਡ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਪਿੰਡ ਵਿਚ ਨਸ਼ਿਆਂ ਖਿਲਾਫ ਪੂਰੀ ਚੌਕਸੀ ਰੱਖ ਰਹੀਆਂ ਹਨ।
ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਇੰਨ੍ਹਾਂ ਪਿੰਡਾਂ ਦੇ ਲੋਕਾਂ ਦਾ ਪੁਲਿਸ ਅਤੇ ਬੀਐਸਐਫ ਨੂੰ ਵੱਡਾ ਸਹਿਯੋਗ ਮਿਲਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜਦੋਂ ਵੀ ਕੋਈ ਡ੍ਰੋਨ ਗਤੀਵਿਧੀ ਦੀ ਸੂਚਨਾ ਮਿਲੇ ਜਾਂ ਕੋਈ ਸੱਕੀ ਵਿਅਕਤੀ ਵਿਖਾਈ ਦੇਵੇ ਤਾਂ ਉਸਦੀ ਸੂਚਨਾ ਪੁਲਿਸ ਜਾਂ ਬੀਐਸਐਫ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਬੀਐਸਐਫ ਨਾਲ ਮਿਲ ਕੇ ਸਰਹੱਦੀ ਇਲਾਕਿਆਂ ਵਿਚ ਪੂਰੀ ਚੌਕਸੀ ਰੱਖੀ ਜਾ ਰਹੀ ਹੈ।
ਇਸ ਮੌਕੇ ਬੀਐਸਐਫ ਦੇ ਕਮਾਡੈਂਟ ਸ੍ਰੀ ਰਵੀ ਰੰਜਨ, ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ, ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ ਵੀ ਹਾਜਰ ਸਨ।