ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਵਿਭਾਗ ਮੁੱਖੀਆਂ ਨਾਲ ਬੈਠਕ,

Fazilka Punjab

ਫਾਜ਼ਿਲਕਾ, 16 ਸਤੰਬਰ

ਫਾਜ਼ਿਲਕਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇੱਥੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਵਿਚ ਚੱਲ ਰਹੇ ਪ੍ਰੋਜ਼ੈਕਟਾਂ ਤੇ ਸਰਕਾਰ ਦੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦਫ਼ਤਰਾਂ ਵਿਚ ਕੰਮ ਲਈ ਆਊਣ ਵਾਲੇ ਆਮ ਲੋਕਾਂ ਨੂੰ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪੁੱਜੇ ਅਤੇ ਵਿਕਾਸ ਪ੍ਰੋਜੈਕਟ ਉਚ ਗੁਣਵਤਾ ਮਾਪਦੰਡ ਅਨੁਸਾਰ ਤੈਅ ਸਮਾਂ ਹੱਦ ਅੰਦਰ ਪੂਰੇ ਹੋਣ ਇਸ ਲਈ ਹਰੇਕ ਜਿੰਮੇਵਾਰ ਵਿਭਾਗ ਅਤੇ ਅਧਿਕਾਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਨ। ਉਨ੍ਹਾਂ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਤੋਂ ਆਉਣ ਵਾਲੀਆਂ ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਵਿਸੇ਼ਸ ਤੌਰ ਤੇ ਹਦਾਇਤ ਕੀਤੀ ਕਿ ਕਿਸਾਨਾਂ ਤੱਕ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਮੁਹਈਆ ਕਰਵਾਈ ਜਾਵੇ ਅਤੇ ਪਰਾਲੀ ਪ੍ਰਬੰਧਨ ਲਈ ਤਿਆਰ ਯੋਜਨਾਬੰਦੀ ਅਨੁਸਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਅਗਾਮੀ ਹਾੜ੍ਹੀ ਦੀ ਬਿਜਾਈ ਤੋਂ ਪਹਿਲਾਂ ਜਿਆਦਾ ਤੋਂ ਜਿਆਦਾ ਭੂਮੀ ਦੇ ਨਮੂਨੇ ਜਾਂਚ ਕਰਕੇ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਜਾਰੀ ਕਰਨ ਲਈ ਵੀ ਕਿਹਾ।

ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਸ਼ਹਿਰਾਂ ਵਿਚ ਸਫਾਈ, ਠੋਸ ਅਤੇ ਤਰਲ ਕਚਰੇ ਦੇ ਨਿਯਮਾਂ ਅਨੁਸਾਰ ਨਿਪਟਾਰੇ ਨੂੰ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਨਾਲ ਦੀ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੇ ਅਤੇ ਗਿੱਲੇ ਕਚਰੇ ਦਾ ਆਪਣੇ ਘਰ ਦੇ ਪੱਧਰ ਤੇ ਹੀ ਵਰਗੀਕਰਨ ਕਰਕੇ ਨਗਰ ਕੌਂਸਲਾਂ ਦੀ ਟੀਮ ਨੂੰ ਦੇਣ।

ਇਸ ਮੌਕੇ ਐਸਡੀਐਮ ਪੰਕਜ ਬਾਂਸਲ ਅਤੇ ਬਲਕਰਨ ਸਿੰਘ, ਜਿਲ਼੍ਹਾ ਮਾਲ ਅਫ਼ਸਰ ਸੰਦੀਪ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।