ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਲੁਧਿਆਣਾ-ਰਾਹੋਂ ਸੜਕ ਨਿਰਮਾਣ ਕਾਰਜ਼ਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼

Ludhiana

ਲੁਧਿਆਣਾ, 16 ਜੁਲਾਈ (000) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਦੇ ਅਧਿਕਾਰੀਆਂ ਨੂੰ ਲੁਧਿਆਣਾ-ਰਾਹੋਂ ਸੜਕ ਦੇ ਨਿਰਮਾਣ ਕਾਰਜ਼ਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਇਹ ਸੜਕ ਇੱਕ ਪ੍ਰਮੁੱਖ ਸਰਕਾਰੀ ਪ੍ਰੋਜੈਕਟ ਹੈ ਜੋ ਟ੍ਰੈਫਿਕ ਪ੍ਰਬੰਧਨ ਵਿੱਚ ਸੁਧਾਰ ਕਰੇਗਾ ਅਤੇ ਲੁਧਿਆਣਾ ਨੂੰ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਜ਼ਿਲ੍ਹੇ ਨਾਲ ਜੋੜੇਗਾ। 30 ਦਸੰਬਰ 2013 ਨੂੰ 11.43 ਕਿਲੋਮੀਟਰ ਲੰਬੀ ਲੁਧਿਆਣਾ-ਰਾਹੋਂ ਸੜਕ ਦੇ ਅਪਗ੍ਰੇਡੇਸ਼ਨ ਦਾ ਕੰਮ 43.25 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਹੋਇਆ ਸੀ।  ਕਰੀਬ 5.5 ਕਿਲੋਮੀਟਰ ਸੜਕ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ, ਪਰ ਬਿਜਲੀ ਦੇ ਖੰਭਿਆਂ ਆਦਿ ਦੀ ਸਮੱਸਿਆ ਕਾਰਨ ਬਾਕੀ ਦਾ ਹਿੱਸਾ ਦੇਰੀ ਨਾਲ ਚੱਲ ਰਿਹਾ ਹੈ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ 800 ਦੇ ਕਰੀਬ ਬਿਜਲੀ ਦੇ ਖੰਭਿਆਂ ਨੂੰ ਸ਼ਿਫਟ ਕਰਨ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ ਜਿਸਦੇ ਤਹਿਤ ਇਸ ਹਫ਼ਤੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਸਾਹਨੀ ਨੇ ਮਿਆਰੀ ਸੜਕੀ ਬੁਨਿਆਦੀ ਢਾਂਚੇ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਵਿੱਚ ਵਧੀਆ ਸੜਕੀ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਅਨਮੋਲ ਸਿੰਘ ਧਾਲੀਵਾਲ, ਰੁਪਿੰਦਰਪਾਲ ਸਿੰਘ ਤੋਂ ਇਲਾਵਾ ਡੀ.ਐਫ.ਓ ਰਾਜੇਸ਼ ਗੁਲਾਟੀ, ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ.) ਸ਼ਾਖਾ ਦੇ ਕਾਰਜਕਾਰੀ ਇੰਜਨੀਅਰ ਰਣਜੀਤ ਸਿੰਘ ਸੰਧੂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।